ਨਵੀਂ ਦਿੱਲੀ, 29 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਪਿਛਲੇ ਕਈ ਸਾਲਾਂ ਤੋਂ ਗੈਸਟ ਟੀਚਰ ਆਪਣੀਆਂ ਸੇਵਾਵਾਂ ਦੇ ਰਹੇ ਹਨ | ਇਨ੍ਹਾਂ ਗੈਸਟ ਟੀਚਰਾਂ ਦੀ ਜਨਗਣਨਾ ਵਿਚ ਡਿਊਟੀ ਲਗਾਈ ਗਈ ਸੀ | ਗੈਸਟ ਟੀਚਰਾਂ ਨੇ ਇਸ ਡਿਊਟੀ 'ਤੇ ਜਾਣ ਲਈ ਸਾਫ ਮਨ੍ਹਾਂ ਕੀਤਾ ਹੈ, ਜਿਸ ਦੇ ਆਧਾਰ 'ਤੇ ਸਿੱਖਿਆ ਅਧਿਕਾਰੀਆਂ ਨੇ ਇਨ੍ਹਾਂ ਗੈਸਟ ਟੀਚਰਾਂ 'ਤੇ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਸੀ | ਇਸ ਮਾਮਲੇ ਪ੍ਰਤੀ ਸਰਕਾਰੀ ਸਕੂਲ ਟੀਚਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੇਵੀਰ ਯਾਦਵ ਨੇ ਉਪਰੋਕਤ ਵਿਸ਼ੇ ਦੇ ਪ੍ਰਤੀ ਸਿੱਖਿਆ ਮੰਤਰੀ ਅਸ਼ੀਸ਼ ਸੂਦ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ | ਸ੍ਰੀ ਯਾਦਵ ਨੇ ਲਿਖੇ ਪੱਤਰ ਵਿਚ ਕਿਹਾ ਹੈ ਕਿ ਇਹ ਅਧਿਆਪਕ ਗੈਸਟ ਟੀਚਰ ਹਨ ਅਤੇ ਇਨ੍ਹਾਂ ਦਾ ਵਰਤਮਾਨ ਕਾਰਜਕਾਲ 08 ਮਈ 2026 ਨੰੂ ਵੈਸੇ ਹੀ ਸਮਾਪਤ ਹੋਣ ਵਾਲਾ ਹੈ | ਇਨ੍ਹਾਂ ਹਾਲਾਤਾਂ ਵਿਚ ਕੋਈ ਕਾਰਵਾਈ ਕਰਨਾ ਠੀਕ ਨਹੀਂ ਹੈ | ਪੱਤਰ ਵਿਚ ਇਹ ਵੀ ਕਿਹਾ ਗਿਆ ਕਿ ਇਨ੍ਹਾਂ ਅਧਿਆਪਕਾਂ ਨੂੰ ਆਰਥਿਕ ਤੰਗੀ ਦੇ ਨਾਲ-ਨਾਲ ਹੋਰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਇਨ੍ਹਾਂ ਦੀ ਤਨਖਾਹ ਵਿਚ ਕੋਈ ਵਾਧਾ ਵੀ ਨਹੀਂ ਕੀਤਾ ਗਿਆ, ਜਿਸ ਕਰਕੇ ਉਨ੍ਹਾਂ ਦਾ ਗੁਜ਼ਾਰਾ ਹੀ ਬੜੀ ਮੁਸ਼ਕਿਲ ਨਾਲ ਹੋ ਰਿਹਾ ਹੈ | ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਗੈਸਟ ਟੀਚਰਾਂ ਨੇ ਜਾਣਬੁਝ ਕੇ ਅਨੁਸ਼ਾਸਨ ਨਹੀਂ ਤੋੜਿਆ ਪ੍ਰੰਤੂ ਮਜਬੂਰੀਆਂ ਦੇ ਕਾਰਨ ਅਜਿਹਾ ਕੀਤਾ ਹੈ, ਜਿਸ ਕਰਕੇ ਇਨ੍ਹਾਂ 'ਤੇ ਕੋਈ ਕਾਰਵਾਈ ਨਾ ਕੀਤੀ ਜਾਵੇ |