ਨਵੀਂ ਦਿੱਲੀ, 29 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਗੱਡੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਕਰਕੇ ਹਰ ਇਲਾਕੇ ਵਿਚ ਗੱਡੀਆਂ ਖੜ੍ਹਾਉਣ ਦੀ ਥਾਂ ਹੀ ਨਹੀਂ ਹੈ | ਲੋਕ ਗਲੀ ਮੁਹੱਲਿਆਂ, ਸੜਕਾਂ ਦੇ ਕਿਨਾਰਿਆਂ ਤੇ ਜਨਤਕ ਥਾਵਾਂ 'ਤੇ ਆਪਣੀਆਂ ਗੱਡੀਆਂ ਪਾਰਕ ਕਰ ਰਹੇ ਹਨ | ਰਾਤ ਦੇ ਸਮੇਂ ਗਲੀ ਮੁਹੱਲਿਆਂ ਵਿਚ ਖੜ੍ਹੀਆਂ ਗੱਡੀਆਂ ਹੀ ਗੱਡੀਆਂ ਨਜ਼ਰ ਆਉਂਦੀਆਂ ਹਨ, ਜਿਸ ਕਰਕੇ ਗਲੀ ਮੁਹੱਲਿਆਂ ਵਿਚ ਲੰਘਣਾ ਵੀ ਔਖਾ ਹੋ ਰਿਹਾ ਹੈ | ਗੱਡੀਆਂ ਦੀ ਪਾਰਕਿੰਗ ਦੀ ਸਮੱਸਿਆ ਨੂੰ ਵੇਖਦੇ ਹੋਏ ਡੀ.ਡੀ.ਏ. (ਦਿੱਲੀ ਡਿਵੈਲਪਮੈਂਟ ਅਥਾਰਟੀ) ਨੇ ਗੱਡੀਆਂ ਦੀ ਪਾਰਕਿੰਗ ਲਈ ਦਿੱਲੀ ਦੇ ਪ੍ਰਮੁੱਖ ਥਾਵਾਂ 'ਤੇ ਪੰਜ ਮਲਟੀਲੇਵਲ ਪਾਰਕਿੰਗ ਬਣਾਉਣ ਦਾ ਫੈਸਲਾ ਕੀਤਾ ਹੈ | ਇਹ ਪਾਰਕਿੰਗ ਕੜਕੜਡੂੰਮਾ, ਓਖਲਾ ਇੰਡਸਟਰੀਅਲ ਏਰੀਆ ਫੇਜ਼-1, ਦਿਲਸ਼ਾਦ ਗਾਰਡਨ, ਦੁਆਰਕਾ ਅਤੇ ਸੈਣੀ ਇਨਕਲੇਵ ਆਦਿ ਇਲਾਕਿਆਂ ਵਿਚ ਬਣਾਈ ਜਾਵੇਗੀ | ਇਨ੍ਹਾਂ ਇਲਾਕਿਆਂ ਦੀ ਚੋਣ ਗੱਡੀਆਂ ਦੇ ਹਿਸਾਬ ਨਾਲ ਕੀਤੀ ਗਈ ਹੈ ਅਤੇ ਪਾਰਕਿੰਗਾਂ ਵਿਚ ਜ਼ਿਆਦਾ ਗੱਡੀਆਂ ਖੜ੍ਹੀਆਂ ਹੋ ਸਕਣਗੀਆਂ | ਇਨ੍ਹਾਂ ਪਾਰਕਿੰਗਾਂ ਨੂੰ ਬਣਾਉਣ ਦਾ ਸਮਾਂ ਤਿੰਨ ਸਾਲ ਰੱਖਿਆ ਗਿਆ ਹੈ | ਸਮਾਜ ਕਲਿਆਣ ਤੇ ਵਿਕਾਸ ਮੰਚ ਦਿੱਲੀ ਦੇ ਪ੍ਰਧਾਨ ਅਸ਼ੋਕ ਸੱਭਰਵਾਲ ਦਾ ਕਹਿਣਾ ਹੈ ਕਿ ਦਿੱਲੀ ਦੇ ਹਰ ਇਲਾਕੇ ਵਿਚ ਗੱਡੀਆਂ ਦੀ ਪਾਰਕਿੰਗ ਬਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ | ਉਨ੍ਹਾਂ ਰੋਜ਼ਾਨਾ ਗੱਡੀਆਂ ਦੇ ਆਉਣ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਲੋਕ ਕਿਰਾਏ 'ਤੇ ਰਹਿ ਰਹੇ ਹਨ ਪ੍ਰੰਤੂ ਉਹ ਗੱਡੀਆਂ ਖਰੀਦ ਰਹੇ ਹਨ ਅਤੇ ਉਨ੍ਹਾਂ ਨੂੰ ਏਧਰ-ਉਧਰ ਖੜ੍ਹਾਉਂਦੇ ਹਨ | ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਨਵੀਂ ਗੱਡੀ ਖਰੀਦੇ ਉਸ ਕੋਲ ਗੱਡੀ ਖੜ੍ਹਾਉਣ ਦੀ ਥਾਂ ਜ਼ਰੂਰੀ ਹੋਣੀ ਚਾਹੀਦੀ ਹੈ ਅਤੇ ਇਹ ਸ਼ਰਤ ਜ਼ਰੂਰੀ ਲਾਗੂ ਹੋਣੀ ਚਾਹੀਦੀ ਹੈ |