ਨਵੀਂ ਦਿੱਲੀ, 11 ਮਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੇ ਮਾਦੀਪੁਰ ਥਾਣੇ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੇ 22 ਡੱਬੇ ਫੜੇ ਹਨ, ਜਿਨ੍ਹਾਂ 'ਚ 1100 ਦੇ ਕਰੀਬ ਸ਼ਰਾਬ ਦੇ ਕੁਆਰਟਰ ਸਨ | ਇਸ ਮਾਮਲੇ 'ਚ ਪੁਲਿਸ ਨੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਇਹ ਫੜੀ ਗਈ ਸ਼ਰਾਬ ਹਰਿਆਣਾ 'ਚ ਵਿੱਕਰੀ ਲਈ ਸੀ | ਪੁਲਿਸ ਨੇ ਇਹ ਕਾਰ ਵੀ ਫੜੀ ਹੈ ਜਿਸ 'ਚ ਸ਼ਰਾਬ ਰੱਖੀ ਗਈ ਸੀ | ਫੜੇ ਗਏ ਦੋਸ਼ੀ ਦਾ ਨਾਂਅ ਭਗਵਾਨ (24) ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਤੋਂ ਪੁੱਛ ਪੜਤਾਲ ਕੀਤੀ ਹੈ | ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਆਰਥਿਕ ਹਾਲਤ ਮਾੜੀ ਹੋਣ ਕਰਕੇ ਉਹ ਪਿਛਲੇ ਦੋ- ਤਿੰਨ ਮਹੀਨਿਆਂ ਤੋਂ ਸ਼ਰਾਬ ਦੀ ਸਪਲਾਈ ਕਰ ਰਿਹਾ ਸੀ ਅਤੇ ਪਹਿਲਾਂ ਕਦੇ ਵੀ ਫੜਿਆ ਨਹੀਂ ਗਿਆ ਸੀ | ਪਹਿਲੀ ਵਾਰ ਪੁਲਿਸ ਨੇ ਉਸ ਨੂੰ ਗਿ੍ਫਤਾਰ ਕੀਤਾ ਹੈ | ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਗਸ਼ਤ ਦੌਰਾਨ ਦਿੱਲੀ ਦੇ ਰਘੁਵੀਰ ਨਗਰ ਦੀ ਰੋਡ ਤੋਂ ਸ਼ੱਕੀ ਨੂੰ ਕਾਰ ਰੋਕ ਕੇ ਗਿ੍ਫਤਾਰ ਕੀਤਾ ਹੈ |