ਯਮੁਨਾਨਗਰ, 18 ਮਈ (ਗੁਰਦਿਆਲ ਸਿੰਘ ਨਿਮਰ)-ਸਰਕਾਰੀ ਕਾਲਜ ਸਰਸਵਤੀ ਨਗਰ ਵਿਖੇ ਦੋ ਨਵੇਂ ਸਥਾਈ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਨਾਲ ਅਕਾਦਮਿਕ ਪ੍ਰਣਾਲੀ ਨੂੰ ਹੋਰ ਮਜ਼ਬੂਤੀ ਮਿਲੀ ਹੈ | ਇਨ੍ਹਾਂ ਨਿਯੁਕਤੀਆਂ ਤੋਂ ਇਲਾਕੇ ਦੇ ਵਿਦਿਆਰਥੀਆਂ ਨੂੰ ਉੱਚ-ਗੁਣਵੱਤਾ ਵਾਲੀ ਸਿੱਖਿਆ ਅਤੇ ਬਿਹਤਰ ਅਕਾਦਮਿਕ ਮਾਰਗਦਰਸ਼ਨ ਪ੍ਰਾਪਤ ਹੋਣ ਦੀ ਆਸ ਬੱਝੀ ਹੈ | ਨਵੀਆਂ ਨਿਯੁਕਤੀ ਤਹਿਤ ਰੋਹਿਤ ਕੁਮਾਰ ਭੂਗੋਲ ਵਿਭਾਗ 'ਚ ਸਹਾਇਕ ਪ੍ਰੋਫੈਸਰ ਵਜੋਂ ਸ਼ਾਮਿਲ ਹੋਏ ਹਨ, ਜਦਕਿ ਅਭਿਸ਼ੇਕ ਕਲੇਰੋਨ ਨੂੰ ਕੰਪਿਊਟਰ ਸਾਇੰਸ ਵਿਭਾਗ 'ਚ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਸਰਕਾਰੀ ਕਾਲਜ ਸਰਸਵਤੀ ਨਗਰ ਮੁਸਤਫਾਬਾਦ ਖੇਤਰ ਦਾ ਇਕ ਮੋਹਰੀ ਵਿਦਿਅਕ ਸੰਸਥਾਨ ਹੈ, ਜੋ ਕਿ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਕਾਲਜ ਬੀ. ਏ. ਅਤੇ ਬੀ. ਕਾਮ ਵਰਗੇ ਅੰਡਰਗ੍ਰੈਜੂਏਟ ਕੋਰਸ ਪੇਸ਼ ਕਰਦਾ ਹੈ | ਇਸ ਤੋਂ ਇਲਾਵਾ ਭੂਗੋਲ, ਇਤਿਹਾਸ, ਰਾਜਨੀਤੀ ਸ਼ਾਸਤਰ, ਹਿੰਦੀ, ਅੰਗਰੇਜ਼ੀ, ਅਰਥ ਸ਼ਾਸਤਰ, ਵਣਜ, ਕੰਪਿਊਟਰ ਵਿਗਿਆਨ, ਗਣਿਤ ਅਤੇ ਵਾਤਾਵਰਨ ਅਧਿਐਨ ਵਰਗੇ ਵਿਸ਼ਿਆਂ 'ਚ ਸਿੱਖਿਆ ਤਜ਼ਰਬੇਕਾਰ ਅਤੇ ਸਮਰਪਿਤ ਫੈਕਲਟੀ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ | ਕਾਲਜ ਪਿ੍ੰ. ਸੁਮਨ ਭਾਟੀਆ ਨੇ ਕਿਹਾ ਕਿ ਸਥਾਈ ਫੈਕਲਟੀ ਦੀ ਨਿਯੁਕਤੀ ਕਾਲਜ ਦੇ ਅਕਾਦਮਿਕ ਵਾਤਾਵਰਨ ਨੂੰ ਹੋਰ ਮਜ਼ਬੂਤ ਕਰੇਗੀ, ਜਿਸ ਨਾਲ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਅਤੇ ਮਾਰਗਦਰਸ਼ਨ ਮਿਲੇਗਾ | ਉਨ੍ਹਾਂ ਅੱਗੇ ਕਿਹਾ ਕਿ ਕਾਲਜ ਪ੍ਰਸ਼ਾਸਨ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ | ਸਥਾਨਕ ਨਿਵਾਸੀਆਂ ਅਤੇ ਵਿਦਿਆਰਥੀਆਂ ਨੇ ਇਨ੍ਹਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਹੈ ਕਿ ਸੰਸਥਾ ਭਵਿੱਖ 'ਚ ਨਵੇਂ ਮੀਲ-ਪੱਥਰ ਕਾਇਮ ਕਰੇਗੀ |