ਟੋਹਾਣਾ, 19 ਮਈ (ਮਨਜੀਤ ਸਿੰਘ) - ਪੁਲਿਸ ਥਾਣਾ ਸਿਟੀ ਟੋਹਾਣਾ ਨੇ ਚੋਰੀ ਦੇ ਇੱਕ ਮਾਮਲੇ ਵਿੱਚ ਕਾਰਵਾਈ ਕਰਦਿਆਂ ਭਿਵਾਨੀ ਜ਼ਿਲ੍ਹੇ ਦੇ ਪਿੰਡ ਰਾਜਪੁਰਾ ਖਰਕੜੀ ਨਿਵਾਸੀ ਵਿਕਾਸ ਪੁੱਤਰ ਕਿ੍ਸ਼ਨ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ | ਪੁਲਿਸ ਨੇ ਦੋਸ਼ੀ ਦੇ ਕਬਜ਼ੇ ਵਿਚੋਂ ਚੋਰੀਸ਼ੁਦਾ ਸਮਾਨ ਵੀ ਬਰਾਮਦ ਕਰ ਲਿਆ ਹੈ | ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਿਟੀ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਟੋਹਾਣਾ ਦੇ ਕਿਲਾ ਮੁਹੱਲਾ ਵਾਰਡ ਨੰਬਰ 8 ਨਿਵਾਸੀ ਹਰੀਸ਼ ਕੁਮਾਰ ਪੁੱਤਰ ਯਸ਼ਪਾਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸਦਾ ਟੋਹਾਣਾ ਦੇ ਚੰਡੀਗੜ੍ਹ ਰੋਡ ਸਥਿਤ ਹਿਸਾਰ ਕੈਂਚੀ ਨੇੜੇ ਆਰ.ਐਮ.ਸੀ. ਹਸਪਤਾਲ ਦੇ ਸਾਹਮਣੇ ਅਨੰਤਮ ਲੈਬ ਦੇ ਉੱਪਰ ਸਟੂਡੀਓ ਹੈ | 12 ਮਈ 2026 ਦੀ ਰਾਤ ਅਣਪਛਾਤੇ ਵਿਅਕਤੀ ਸਟੂਡੀਓ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਉਥੋਂ ਕਰੀਬ ਦੋ ਤੋਲੇ ਸੋਨਾ, ਚਾਰ ਤੋਲੇ ਚਾਂਦੀ ਅਤੇ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ | ਇਨ੍ਹਾਂ ਤੋਂ ਇਲਾਵਾ ਦੋਸ਼ੀਆਂ ਨੇ ਸਟੂਡੀਓ ਅੰਦਰ ਪਿਆ ਸਮਾਨ ਵੀ ਖਿਲਾਰ ਦਿੱਤਾ ਸੀ | ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਥਾਣਾ ਸਿਟੀ ਟੋਹਾਣਾ ਵਿੱਚ ਮੁਕਦਮਾ ਨੰਬਰ 139 ਮਿਤੀ 12.05.2026 ਧਾਰਾ 305 ਅਤੇ 331(4) ਬੀਐਨਐਸ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ | ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਉਸਦੇ ਕਬਜ਼ੇ ਵਿਚੋਂ ਚੋਰੀਸ਼ੁਦਾ ਸਮਾਨ ਵੀ ਬਰਾਮਦ ਕਰ ਲਿਆ | ਪੁਲਿਸ ਰਿਕਾਰਡ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਆਦਤਨ ਅਪਰਾਧੀ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਤੋਂ ਹੀ 10 ਅਪਰਾਧਿਕ ਮਾਮਲੇ ਦਰਜ ਹਨ | ਇਨ੍ਹਾਂ ਵਿੱਚ ਚੋਰੀ, ਘਰ ਵਿੱਚ ਦਾਖਲ ਹੋ ਕੇ ਵਾਰਦਾਤ ਕਰਨਾ, ਮਾਰਕੁੱਟ ਅਤੇ ਹੋਰ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਸ਼ਾਮਲ ਹਨ | ਇਹ ਮਾਮਲੇ ਭਿਵਾਨੀ, ਹਿਸਾਰ ਅਤੇ ਹੋਰ ਥਾਣਿਆਂ ਵਿੱਚ ਦਰਜ ਹਨ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਸੇ ਹੋਰ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਤਾਂ ਨਹੀਂ ਰਿਹਾ | ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ |