ਯਮੁਨਾਨਗਰ, 19 ਮਈ (ਗੁਰਦਿਆਲ ਸਿੰਘ ਨਿਮਰ)-ਅੱਜ ਸਵੇਰੇ ਬਾਡੀ ਮਾਜਰਾ ਪੁਲ ਨੇੜੇ ਯਮੁਨਾ ਨਹਿਰ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੇ ਚੱਲ ਰਹੇ ਕੰਮ ਦੌਰਾਨ ਇਕ ਵੱਡਾ ਹਾਦਸਾ ਵਾਪਰਿਆ, ਜਿਥੇ ਨਹਿਰ 'ਚ ਕੰਮ ਕਰ ਰਹੀ ਇਕ ਪੋਕਲੇਨ ਮਸ਼ੀਨ ਅਚਾਨਕ ਚਿੱਕੜ ਦੇ ਵਹਾਅ ਕਾਰਨ ਕੰਟਰੋਲ ਗੁਆ ਬੈਠੀ ਅਤੇ ਨਹਿਰ 'ਚ ਡਿੱਗ ਗਈ | ਇਸ ਦੌਰਾਨ ਕੈਬਿਨ ਵਿਚ ਫਸੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਹਾਦਸੇ ਸਮੇਂ ਨਹਿਰ ਵਿਚ ਪਾਣੀ ਵਗ ਰਿਹਾ ਸੀ, ਜਿਸ ਕਾਰਨ ਮੌਕੇ 'ਤੇ ਦਹਿਸ਼ਤ ਫੈਲ ਗਈ | ਜਾਣਕਾਰੀ ਅਨੁਸਾਰ ਯਮੁਨਾ ਕੰਢੇ ਹੜ੍ਹਾਂ ਤੋਂ ਬਚਾਉਣ ਲਈ ਨਦੀ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ | ਇਸ ਕੰਮ ਵਿਚ ਲੱਗੀ ਇਕ ਪੋਕਲੇਨ ਮਸ਼ੀਨ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਸਿੱਧੀ ਪਾਣੀ 'ਚ ਡਿੱਗ ਗਈ | ਇਸ ਹਾਦਸੇ ਨੂੰ ਦੇਖ ਕੇ ਨੇੜੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਹੋਰ ਮਸ਼ੀਨ ਆਪਰੇਟਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਇਕ ਹੋਰ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਪੋਕਲੇਨ ਨੂੰ ਸਿੱਧਾ ਕਰਕੇ ਡਰਾਈਵਰ ਨੂੰ ਬਾਹਰ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਕਤ ਨੂੰ ਮਿ੍ਤਕ ਐਲਾਨ ਦਿੱਤਾ |