ਨਵੀਂ ਦਿੱਲੀ, 4 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਦੁਪਹਿਰ ਤੋਂ ਬਾਅਦ ਅਚਾਨਕ ਮੌਸਮ ਬਦਲ ਗਿਆ ਅਤੇ ਕਈ ਇਲਾਕਿਆਂ 'ਚ ਬਾਰਿਸ਼ ਹੋਣ ਦੇ ਨਾਲ ਹਲਕੀ ਹਨ੍ਹੇਰੀ ਵੀ ਆਈ | ਅਸਮਾਨ ਵਿਚ ਬੱਦਲ ਛਾਏ ਹੋਣ 'ਤੇ ਅਜੇ ਹੋਰ ਬਾਰਿਸ਼ ਆਉਣ ਦੀ ਸੰਭਾਵਨਾ ਬਣੀ ਹੋਈ ਹੈ | ਸਵੇਰੇ ਵੀ ਧੁੱਪ ਤੇਜ਼ ਤੇ ਹਵਾ ਗਰਮ ਹੋਣ 'ਤੇ ਲੋਕਾਂ ਨੂੰ ਪ੍ਰੇਸ਼ਾਨੀ ਮਹਿਸੂਸ ਹੋ ਰਹੀ ਸੀ | ਬਾਰਿਸ਼ ਪੈਣ 'ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ | ਮੌਸਮ ਵਿਭਾਗ ਨੇ ਤਾਂ ਪਹਿਲਾਂ ਹੀ ਮੌਸਮ ਵਿਚ ਤਬਦੀਲੀ ਆਉਣ ਦੀ ਸੰਭਾਵਨਾ ਜਤਾਈ ਸੀ, ਜੋ ਕਿ ਠੀਕ ਸਾਬਤ ਹੋਈ | ਬਾਰਿਸ਼ ਹੋਣ 'ਤੇ ਤਾਪਮਾਨ ਵਿਚ ਥੋੜ੍ਹੀ ਗਿਰਾਵਟ ਵੀ ਆਈ ਹੈ | ਭਾਰਤੀ ਮੌਸਮ ਵਿਗਿਆਨ ਵਿਭਾਗ (ਆਈ.ਐਮ.ਡੀ.) ਮੌਨਸੂਨ ਉੱਤਰ ਅਤੇ ਮੱਧ ਭਾਰਤ ਵੱਲ ਵੱਧਣ ਦੀ ਸਿਲਸਿਲਾ ਸ਼ੁਰੂ ਹੋ ਗਿਆ ਹੈ | ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੌਨਸੂਨ ਦੇ ਪੁੱਜਣ ਦਾ ਅਨੁਮਾਨਿਤ ਸਮਾਂ ਇਸ ਤਰ੍ਹਾਂ ਹੈ, ਦਿੱਲੀ ਤੇ ਯੂ.ਪੀ. ਵਿਚ 25 ਜੂਨ ਤੋਂ 5 ਜੁਲਾਈ ਵਿਚ ਮੌਨਸੂਨ ਦਸਤਕ ਦੇਣ ਦੀ ਸੰਭਾਵਨਾ ਹੈ | ਬਿਹਾਰ ਤੇ ਝਾਰਖੰਡ ਵਿਚ 15 ਤੋਂ 20 ਜੂਨ ਵਿਚ ਬਾਰਿਸ਼ ਸ਼ੁਰੂ ਹੋਣ ਦੀ ਉਮੀਦ ਹੈ | ਮਹਾਰਾਸ਼ਟਰ ਤੇ ਮੁੰਬਈ ਵਿਚ 10 ਤੋਂ 15 ਜੂਨ ਵਿਚ ਮੌਨਸੂਨ ਪੁੱਜਣ ਦੀ ਸੰਭਾਵਨਾ ਹੈ ਅਤੇ ਕੇਰਲ ਤੇ ਤਾਮਿਲਨਾਡੂ ਵਿਚ ਮੌਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ |