ਨਵੀਂ ਦਿੱਲੀ, 4 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਥਾਣਾ ਮਿਊਰ ਵਿਹਾਰ ਦੀ ਪੁਲਿਸ ਨੇ ਇਕ ਝਪਟਮਾਰ ਤੇ ਚੋਰ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦਾ ਨਾਂਅ ਵਿਵੇਕ ਚੌਹਾਨ ਹੈ | ਉਸ ਨੇ ਪਹਿਲਾਂ ਆਪਣੀ ਪਹਿਚਾਣ ਵਿਕਾਸ ਉਰਫ ਸੰਜੇ ਦੱਸੀ ਪਰੰਤੂ ਪੁਲਿਸ ਨੂੰ ਜਦੋਂ ਗਲਤ ਨਾਂਅ 'ਤੇ ਸ਼ੱਕ ਹੋਇਆ ਫਿਰ ਉਸ ਨੇ ਆਪਣਾ ਠੀਕ ਨਾਂਅ ਵਿਵੇਕ ਚੌਹਾਨ ਦੱਸਿਆ | ਪੁਲਿਸ ਨੇ ਇਸ ਕੋਲੋਂ 8 ਝਪਟੇ ਹੋਏ ਫੋਨ ਅਤੇ ਤਿੰਨ ਚੋਰੀ ਕੀਤੇ ਹੋਏ ਮੋਟਰਸਾਈਕਲ ਬਰਾਮਦ ਕੀਤੇ ਹਨ | ਵਿਵੇਕ ਚੌਹਾਨ ਤਕਰੀਬਨ 16 ਅਪਰਾਧਿਕ ਮਾਮਲਿਆਂ ਵਿਚ ਸ਼ਾਮਿਲ ਹੈ ਅਤੇ ਪੁਲਿਸ ਨੇ ਇਸ ਨੂੰ ਘੋਰ ਅਪਰਾਧੀ ਵੀ ਐਲਾਨਿਆ ਹੋਇਆ ਸੀ | ਇਹ ਅਕਸਰ ਪੁਲਿਸ ਦੀ ਨਜ਼ਰ ਤੋਂ ਬਚਦਾ ਰਹਿੰਦਾ ਸੀ ਅਤੇ ਝਪਟਮਾਰੀ ਤੇ ਚੋਰੀ ਦੀਆਂ ਵਾਰਦਾਤਾਂ ਕਰਦਾ ਰਹਿੰਦਾ ਸੀ | ਇਸ ਨੇ ਇਕ ਦਿਨ ਇਕ ਔਰਤ ਜੋ ਕਿ ਦਿੱਲੀ ਦੇ ਮਯੂਰ ਵਿਹਾਰ ਦੀ ਰਹਿਣ ਵਾਲੀ ਹੈ, ਉਸ ਦਾ ਮੋਬਾਈਲ ਝਪਟ ਲਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ | ਇਸ ਘਟਨਾ ਨੂੰ ਉੱਥੇ ਖੜ੍ਹੇ ਪੁਲਿਸ ਨੇ ਕਰਮਚਾਰੀ ਨੇ ਵੇਖਿਆ ਅਤੇ ਉਸ ਨੇ ਚੁਸਤੀ ਨਾਲ ਝਪਟਮਾਰ ਦਾ ਪਿੱਛਾ ਕੀਤਾ | ਝਪਟਮਾਰ ਨੇ ਪੂਰੀ ਕੋਸ਼ਿਸ਼ ਭੱਜਣ ਦੀ ਕੀਤੀ ਪਰੰਤੂ ਪੁਲਿਸ ਨੇ ਇਸ ਨੂੰ ਪ੍ਰੇਮ ਚੰਦ ਸਕੂਲ ਦੇ ਨੇੜੇ ਫੜ ਲਿਆ | ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਝਪਟਿਆ ਫੋਨ ਮਿਲ ਗਿਆ | ਪੁਲਿਸ ਨੇ ਮਾਮਲਾ ਦਰਜ ਕਰ ਕੇ ਇਸ ਤੋਂ ਹੋਰ ਚੋਰੀਆਂ ਅਤੇ ਝਪਟੇ ਮੋਬਾਈਲਾਂ ਪ੍ਰਤੀ ਪੁੱਛ-ਗਿੱਛ ਕਰ ਰਹੀ ਹੈ |