ਨਵੀਂ ਦਿੱਲੀ, 4 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਯਮੁਨਾ ਬਾਜ਼ਾਰ ਘਾਟ ਵਿਖੇ ਲੋਕਾਂ ਨੇ ਜੋ ਆਪਣੇ ਤੌਰ 'ਤੇ ਨਾਜਾਇਜ਼ ਘਰ ਬਣਾ ਲਏ ਹਨ, ਉਨ੍ਹਾਂ ਨੂੰ ਇਹ ਥਾਂ ਖਾਲੀ ਕਰਵਾਉਣ ਲਈ ਡੀ.ਡੀ.ਏ. ਨੇ ਕੁਝ ਸਮਾਂ ਦਿੱਤਾ ਸੀ, ਜਿਸ ਦੀ ਮਿਤੀ 30 ਮਈ 2026 ਨੂੰ ਸਮਾਪਤ ਹੋ ਗਈ ਹੈ ਅਤੇ ਹੁਣ ਇਸ ਥਾਂ 'ਤੇ ਕਦੇ ਵੀ ਕਾਰਵਾਈ ਹੋ ਸਕਦੀ ਹੈ ਅਤੇ ਇਸ ਥਾਂ ਨੂੰ ਬਿਲਕੁਲ ਖਾਲੀ ਕਰਵਾਇਆ ਜਾਵੇਗਾ | ਇਸ ਮਾਮਲੇ ਪ੍ਰਤੀ ਇਸ ਥਾਂ 'ਤੇ ਰਹਿਣ ਵਾਲੇ ਪਾਂਡਿਆ ਦੀ ਐਸੋਸੀਏਸ਼ਨ ਨੇ ਅਦਾਲਤ ਦਾ ਦਰਵਾਜ਼ਾ ਵੀ ਖਟਕਾਇਆ ਪਰੰਤੂ ਇੱਥੋਂ ਵੀ ਇਨ੍ਹਾਂ ਨੂੰ ਕੋਈ ਰਾਹਤ ਨਾ ਮਿਲੀ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੱਥੇ 300 ਤੋਂ ਜ਼ਿਆਦਾ ਬਣੇ ਮਕਾਨਾਂ ਨੂੰ ਖਾਲੀ ਕਰਨ ਦਾ ਆਦੇਸ਼ ਵੀ ਦਿੱਤਾ ਹੋਇਆ ਹੈ | ਸਰਕਾਰ ਦੀ ਯੋਜਨਾ ਹੈ ਕਿ ਇੱਥੇ 30 ਘਾਟਾਂ ਦਾ ਸੁੰਦਰੀਕਰਨ ਕੀਤਾ ਜਾਵੇ ਤਾਂ ਕਿ ਇੱਥੇ ਹਰਿਆਲੀ ਵੀ ਹੋਵੇ | ਪਾਂਡਿਆ ਦੀ ਐਸੋਸੀਏਸ਼ਨ ਨੇ ਇਹ ਵੀ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਘਾਟ ਦੇ 300 ਮੀਟਰ ਦੇ ਦਾਇਰੇ ਵਿਚ ਪੁਨਰਵਾਸ ਦਿੱਤਾ ਜਾਵੇ ਪਰੰਤੂ ਇਸ ਮੰਗ ਪ੍ਰਤੀ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ | ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹ ਇੱਥੇ ਕਿਤਨੇ ਸਾਲਾਂ ਤੋਂ ਪਰਿਵਾਰ ਸਮੇਤ ਰਹਿ ਰਹੇ ਹਨ ਅਤੇ ਹੁਣ ਉਹ ਕਿੱਧਰ ਜਾਣਗੇ ਕਿਉਂਕਿ ਉਨ੍ਹਾਂ ਕੋਲ ਰੋਜ਼ੀ ਰੋਟੀ ਦਾ ਕੋਈ ਖਾਸ ਸਾਧਨ ਨਹੀਂ ਹੈ |