ਟੋਹਾਣਾ, 4 ਜੂਨ (ਮਨਜੀਤ ਸਿੰਘ) - ਨਸ਼ਾ ਤਸਕਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਪੁਲਿਸ ਥਾਣਾ ਜਾਖ਼ਲ ਨੇ ਚੂਹੜਪੁਰ ਦੇ ਰਹਿਣ ਵਾਲੇ ਕਰਤਾਰ ਸਿੰਘ ਦੇ ਪੁੱਤਰ ਪੰਪਾ ਸਿੰਘ ਨੂੰ 7.50 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ | ਪੁਲਿਸ ਥਾਣਾ ਜਾਖ਼ਲ ਦੇ ਇੰਚਾਰਜ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਟੀਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਲਈ ਮਿਓੰਦ ਖ਼ੁਰਦ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ | ਇਸ ਦੌਰਾਨ ਇੱਕ ਸੂਚਨਾ ਮਿਲੀ ਕਿ ਚੂਹੜਪੁਰ ਦਾ ਰਹਿਣ ਵਾਲਾ ਪੰਪਾ ਸਿੰਘ ਗੈਰ-ਕਾਨੂੰਨੀ ਤੌਰ 'ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰ ਰਿਹਾ ਹੈ ਅਤੇ ਹੈਰੋਇਨ ਲਿਆਉਣ ਵਾਲਾ ਹੈ | ਸੂਚਨਾ ਨੂੰ ਭਰੋਸੇਯੋਗ ਮੰਨਦੇ ਹੋਏ ਪੁਲਿਸ ਨੇ ਰੰਗੋਈ ਨਾਲਾ ਪੁਲ ਨੇੜੇ ਨਾਕਾਬੰਦੀ ਕਰ ਲਈ | ਥੋੜ੍ਹੀ ਦੇਰ ਬਾਅਦ ਸ਼ੱਕੀ ਵਿਅਕਤੀ ਪਹੁੰਚਿਆ | ਪੁਲਿਸ ਟੀਮ ਨੂੰ ਦੇਖ ਕੇ ਉਹ ਪਿੱਛੇ ਮੁੜਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਉਸ ਨੰੂ ਕਾਬੂ ਕਰ ਲਿਆ | ਨਿਯਮਾਂ ਅਨੁਸਾਰ ਕੀਤੀ ਗਈ ਤਲਾਸ਼ੀ ਦੌਰਾਨ ਦੋਸ਼ੀ ਦੇ ਕਬਜ਼ੇ ਵਿੱਚੋਂ 7.50 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਹੈਰੋਇਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਸਬੰਧ ਵਿੱਚ ਪੁਲਿਸ ਥਾਣਾ ਜਾਖ਼ਲ ਵਿੱਚ ਐਫ.ਆਈ.ਆਰ. ਨੰਬਰ 70 ਮਿਤੀ 03.06.2026, ਐਨ.ਡੀ.ਪੀ.ਐਸ. ਐਕਟ ਦੀ ਧਾਰਾ 21ਬੀ/61/85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ |