ਗੂਹਲਾ ਚੀਕਾ, 5 ਜੂਨ (ਓ.ਪੀ. ਸੈਣੀ)-ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਅਕਾਲ ਅਕੈਡਮੀ ਭੂੰਸਲਾ ਵਿਖੇ ਛਬੀਲ ਸੇਵਾ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ, ਜਿਸ ਦੌਰਾਨ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਵੱਲੋਂ ਮਿਲ ਕੇ ਰਾਹਗੀਰਾਂ, ਸੰਗਤਾਂ ਅਤੇ ਆਸ-ਪਾਸ ਦੇ ਲੋਕਾਂ ਨੂੰ ਠੰਢੇ ਮਿੱਠੇ ਜਲ ਦੀ ਸੇਵਾ ਕੀਤੀ ਗਈ | ਸਕੂਲ ਦੀ ਪਿ੍ੰਸੀਪਲ ਗੁਰਜੀਤ ਕੌਰ ਨੇ ਇਸ ਮੌਕੇ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਮਹਾਨ ਸ਼ਹਾਦਤ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਨੇ ਸੱਚ, ਧੀਰਜ ਅਤੇ ਪ੍ਰਭੂ ਦੀ ਰਜਾ ਵਿੱਚ ਰਹਿਣ ਦਾ ਜੋ ਸੰਦੇਸ ਦਿੱਤਾ, ਉਹ ਅੱਜ ਵੀ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਚੱਲਣ ਅਤੇ ਸੇਵਾ, ਨਿਮਰਤਾ ਅਤੇ ਪਰਉਪਕਾਰ ਦੀ ਭਾਵਨਾ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਸੇਵਾ ਕਾਰਜ ਨੂੰ ਸਫਲ ਬਣਾਉਣ ਵਿੱਚ ਸਕੂਲ ਦੇ ਸਮੂਹ ਸਟਾਫ਼ ਨੇ ਪੂਰਾ ਯੋਗਦਾਨ ਪਾਇਆ | ਖ਼ਾਸ ਤੌਰ 'ਤੇ ਸੁਖਚੈਨ ਸਿੰਘ ਨੇ ਸੇਵਾ ਕਾਰਜਾਂ ਅਤੇ ਪ੍ਰਬੰਧਾਂ ਵਿਚ ਅਹਿਮ ਭੂਮਿਕਾ ਨਿਭਾਈ | ਵਿਦਿਆਰਥੀਆਂ ਨੇ ਵੀ ਬਹੁਤ ਉਤਸ਼ਾਹ ਅਤੇ ਲਗਨ ਨਾਲ ਹਰ ਸੇਵਾ ਵਿਚ ਹਿੱਸਾ ਲਿਆ | ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਸੇਵਾ ਵਿਚ ਸਹਿਯੋਗ ਦੇਣ ਵਾਲੀ ਸਮੂਹ ਸੰਗਤ, ਮਾਪਿਆਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਯਾਦ ਕਰਦਿਆਂ ਮਨੁੱਖਤਾ, ਸਹਿਣਸ਼ੀਲਤਾ, ਸੇਵਾ ਅਤੇ ਭਾਈਚਾਰੇ ਦਾ ਸੰਦੇਸ਼ ਵੀ ਦਿੱਤਾ ਗਿਆ |