ਟੋਹਾਣਾ, 9 ਜੂਨ (ਮਨਜੀਤ ਸਿੰਘ) - ਪ੍ਰਸ਼ਾਸਨ ਵੱਲੋਂ ਸਬ-ਡਵੀਜ਼ਨਲ ਮਿੰਨੀ ਸਕੱਤਰੇਤ, ਟੋਹਾਣਾ ਵਿਖੇ ਇੱਕ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ ਤਾਂ ਜੋ ਨਾਗਰਿਕਾਂ ਨੂੰ ਸਰਲ, ਪਾਰਦਰਸ਼ੀ ਅਤੇ ਪਹੰੁਚਣਯੋਗ ਸਰਕਾਰੀ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ | ਇਸ ਹੈਲਪ ਡੈਸਕ ਰਾਹੀਂ ਨਾਗਰਿਕ ਵੱਖ-ਵੱਖ ਸਰਕਾਰੀ ਸੇਵਾਵਾਂ ਲਈ ਆਨਲਾਈਨ ਅਰਜ਼ੀ ਦੇ ਸਕਣਗੇ ਅਤੇ ਕਿਸੇ ਵੀ ਵਿਭਾਗ ਨਾਲ ਸਬੰਧਿਤ ਸ਼ਿਕਾਇਤਾਂ ਲਈ ਟਾਈਪ ਕੀਤੀਆਂ ਅਰਜ਼ੀਆਂ ਜਮਹਾਂ ਕਰਵਾ ਸਕਣਗੇ | ਇਸ ਸਹੂਲਤ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ | ਐਸ.ਡੀ.ਐਮ. ਆਕਾਸ਼ ਸ਼ਰਮਾ ਨੇ ਦੱਸਿਆ ਕਿ ਇਹ ਪ੍ਰਣਾਲੀ ਨਾਗਰਿਕਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਅੱਗੇ ਕਿਹਾ ਕਿ ਸ਼ਿਕਾਇਤ ਦਰਜ ਕਰਵਾਉਣ ਵਾਲੇ ਹਰੇਕ ਵਿਅਕਤੀ ਨੂੰ ਇੱਕ ਰਸੀਦ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਤੇ ਅਰਜ਼ੀਆਂ ਦਾ ਨਿਯਮਿਤ ਤੌਰ 'ਤੇ ਟਰੈਕ ਅਤੇ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੇ ਸਮੇਂ ਸਿਰ ਹੱਲ ਨੂੰ ਯਕੀਨੀ ਬਣਾਇਆ ਜਾ ਸਕੇ | ਪ੍ਰਸ਼ਾਸਨ ਸਬੰਧਿਤ ਵਿਭਾਗਾਂ ਨਾਲ ਨਿਯਮਤ ਤੌਰ 'ਤੇ ਫਾਲੋ-ਅੱਪ ਕਰਕੇ ਸ਼ਿਕਾਇਤਾਂ ਦੀ ਪ੍ਰਗਤੀ ਦੀ ਨਿਗਰਾਨੀ ਕਰੇਗਾ | ਐਸ.ਡੀ.ਐਮ. ਨੇ ਕਿਹਾ ਕਿ ਮਿੰਨੀ ਸਕੱਤਰੇਤ ਕੰਪਲੈਕਸ ਵਿੱਚ ਕੰਮ ਕਰਨ ਵਾਲਾ ਕੋਈ ਵੀ ਟਾਈਪਿਸਟ ਸੇਵਾਵਾਂ ਲਈ ਨਿਰਧਾਰਿਤ ਸਰਕਾਰੀ ਫ਼ੀਸ ਤੋਂ ਵੱਧ ਨਹੀਂ ਵਸੂਲ ਸਕਦਾ | ਪਾਰਦਰਸ਼ਤਾ ਬਣਾਈ ਰੱਖਣ ਲਈ, ਵੱਖ-ਵੱਖ ਸੇਵਾਵਾਂ ਲਈ ਨਿਰਧਾਰਿਤ ਸਰਕਾਰੀ ਫ਼ੀਸਾਂ ਦੀ ਇੱਕ ਸੂਚੀ ਮਿੰਨੀ ਸਕੱਤਰੇਤ ਵਿੱਚ ਪ੍ਰਮੁੱਖ ਥਾਵਾਂ 'ਤੇ ਲਗਾਈ ਜਾਵੇਗੀ | ਉਨ੍ਹਾਂ ਸਾਰੇ ਟਾਈਪਿਸਟਾਂ ਨੂੰ ਇਹ ਫ਼ੀਸ ਸੂਚੀ ਲਾਜ਼ਮੀ ਤੌਰ 'ਤੇ ਆਪਣੇ ਦਫ਼ਤਰਾਂ ਵਿੱਚ ਪ੍ਰਦਰਸ਼ਿਤ ਕਰਨ ਦੇ ਨਿਰਦੇਸ਼ ਵੀ ਦਿੱਤੇ | ਉਨ੍ਹਾਂ ਕਿਹਾ ਕਿ ਹੈਲਪ ਡੈਸਕ ਦਾ ਉਦੇਸ਼ ਸਿਰਫ਼ ਅਰਜ਼ੀਆਂ ਅਤੇ ਸ਼ਿਕਾਇਤਾਂ ਪ੍ਰਾਪਤ ਕਰਨਾ ਹੀ ਨਹੀਂ ਹੈ, ਸਗੋਂ ਉਨ੍ਹਾਂ ਦੀ ਪ੍ਰਗਤੀ ਦੀ ਨਿਗਰਾਨੀ ਕਰਨਾ ਅਤੇ ਨਾਗਰਿਕਾਂ ਨੂੰ ਬਿਹਤਰ ਪ੍ਰਸ਼ਾਸਕੀ ਸੇਵਾਵਾਂ ਪ੍ਰਦਾਨ ਕਰਨਾ ਵੀ ਹੈ | ਇਹ ਪਹਿਲ ਜਨਤਾ ਅਤੇ ਪ੍ਰਸ਼ਾਸਨ ਵਿਚਕਾਰ ਸੰਚਾਰ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਜਵਾਬਦੇਹ ਬਣਾਏਗੀ |
ਜਨਤਾ ਦੀ ਸਹੂਲਤ ਲਈ ਮਿੰਨੀ ਸਕੱਤਰੇਤ ਟੋਹਾਣਾ ਵਿੱਚ ਹੈਲਪ ਡੈਸਕ ਸਥਾਪਤ: ਐਸ.ਡੀ.ਐਮ. ਆਕਾਸ਼ ਸ਼ਰਮਾ
ਅਜੀਤ ਡੈਸਕ
10-06-2026