ਯਮੁਨਾਨਗਰ, 9 ਜੂਨ (ਗੁਰਦਿਆਲ ਸਿੰਘ ਨਿਮਰ)-14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਵਲੋਂ ਸਰਸਵਤੀ ਵਿਦਿਆ ਮੰਦਰ ਜਗਾਧਰੀ ਵਿਖੇ ਲਗਾਏ ਗਏ 10 ਦਿਨਾਂ ਸਾਲਾਨਾ ਸਿਖਲਾਈ ਕੈਂਪ ਦੇ ਅੱਜ ਅੱਠਵੇਂ ਦਿਨ ਬਾਲ ਕਾਨੂੰਨਾਂ ਅਤੇ ਵਾਤਾਵਰਣ ਸੰਰੱਕਸ਼ਣ ਸੰਬੰਧੀ ਇਕ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਪੈਨਲ ਐਡਵੋਕੇਟ ਵੀਰੇਂਦਰ ਪਾਲ ਸਿੰਘ ਸਿੱਧੂ ਨੇ ਕੈਡਿਟਾਂ ਨੂੰ ਬੱਚਿਆਂ ਦੇ ਅਧਿਕਾਰਾਂ, ਬਾਲ ਸੁਰੱਖਿਆ ਕਾਨੂੰਨਾਂ, ਸਾਈਬਰ ਸੁਰੱਖਿਆ, ਕਾਨੂੰਨੀ ਸਹਾਇਤਾ ਅਤੇ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੀਆਂ ਭੂਮਿਕਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕੈਡਿਟਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ ਅਤੇ ਸਮਾਜ ਵਿਚ ਸੁਰੱਖਿਅਤ ਤੇ ਨਿਆਂਪੂਰਨ ਮਾਹੌਲ ਬਣਾਉਣ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਡੀ. ਐਨ. ਭਾਰਦਵਾਜ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਯਮੁਨਾਨਗਰ ਨੇ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਨੌਜਵਾਨਾਂ 'ਚ ਕਾਨੂੰਨੀ ਜਾਗਰੂਕਤਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕੈਡਿਟਾਂ ਨੂੰ ਜ਼ਿੰਮੇਵਾਰ ਨਾਗਰਿਕ ਬਣ ਕੇ ਸਮਾਜ 'ਚ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਇੰਦੂ ਬਾਲਾ ਮੁੱਖ ਨਿਆਇਕ ਮੈਜਿਸਟ੍ਰੇਟ ਯਮੁਨਾਨਗਰ, ਸੁਮਿਤਰਾ ਕਾਦਿਆਨ ਮੁੱਖ ਨਿਆਂਇਕ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਯਮੁਨਾਨਗਰ, ਸੰਜੇ ਕੰਬੋਜ ਲੀਗਲ ਲਿਟਰੇਸੀ ਇੰਚਾਰਜ ਡੀ. ਈ. ਓ. ਦਫ਼ਤਰ ਅਤੇ ਡਾ. (ਮੇਜਰ) ਹਰਿੰਦਰ ਸਿੰਘ ਕੰਗ ਪਿ੍ੰਸੀਪਲ ਤੇ ਸੇਵਾਮੁਕਤ ਐਸੋਸੀਏਟ ਐਨ. ਸੀ. ਸੀ. ਅਫ਼ਸਰ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਵੀ ਹਾਜ਼ਰ ਸਨ | ਇਸ ਮੌਕੇ ਵਾਤਾਵਰਣ ਸੰਭਾਲ ਦੇ ਸੰਦੇਸ਼ ਨੂੰ ਅੱਗੇ ਵਧਾਉਂਦੇ ਹੋਏ ਸਾਰੇ ਮਾਣਯੋਗ ਮਹਿਮਾਨਾਂ ਨੇ ਕੈਂਪ ਦੇ ਵਿਹੜੇ ਵਿਚ ਬੂਟੇ ਲਗਾਏ ਅਤੇ ਰੁੱਖਾਂ ਦੀ ਮਹੱਤਤਾ, ਵਾਤਾਵਰਣ ਸੰਤੁਲਨ ਅਤੇ ਟਿਕਾਊ ਵਿਕਾਸ ਬਾਰੇ ਕੈਡਿਟਾਂ ਨੂੰ ਜਾਗਰੂਕ ਕੀਤਾ | ਇਸ ਦੌਰਾਨ ਕੈਡਿਟਾਂ ਨੇ ਵੀ ਉਤਸ਼ਾਹ ਨਾਲ ਬੂਟੇ ਲਗਾਉਣ ਦੀ ਮੁਹਿੰਮ ਵਿਚ ਭਾਗ ਲਿਆ ਅਤੇ ਵਾਤਾਵਰਣ ਦੀ ਰੱਖਿਆ ਦਾ ਸੰਕਲਪ ਲਿਆ | ਇਸ ਪ੍ਰੋਗਰਾਮ 'ਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 500 ਤੋਂ ਵੱਧ ਐਨ. ਸੀ. ਸੀ. ਕੈਡਿਟਾਂ ਸਮੇਤ ਐਸੋਸੀਏਟ ਐਨ. ਸੀ. ਸੀ. ਅਫਸਰ ਅਤੇ ਕੇਅਰ ਟੇਕਰ ਅਫਸਰ, ਜਿਨ੍ਹਾਂ ਵਿਚ ਮੇਜਰ ਗੀਤਾ ਸ਼ਰਮਾ, ਸੈਕਿੰਡ ਅਫ਼ਸਰ ਗੁਰਵਿੰਦਰ ਸਿੰਘ, ਸੈਕਿੰਡ ਅਫ਼ਸਰ ਸੰਜੀਵ ਨਾਗਰਾ, ਰਜਤ, ਨੀਲਮ, ਸਾਰਿਕਾ, ਕਲਪਨਾ ਅਤੇ ਅੰਸ਼ੁਲ ਨੇ ਵੀ ਭਾਗ ਲਿਆ¨ ਇਹ ਕੈਂਪ ਬਿ੍ਗੇਡੀਅਰ ਰੋਹਿਤ ਸਹਿਗਲ ਵੀ. ਐਸ. ਐਮ. ਗਰੁੱਪ ਕਮਾਂਡਰ ਐਨ. ਸੀ. ਸੀ. ਅੰਬਾਲਾ ਗਰੁੱਪ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਕੈਂਪ ਕਮਾਂਡੈਂਟ ਕਰਨਲ ਪੰਕਜ ਪਾਰੀਕ ਤੇ ਡਿਪਟੀ ਕੈਂਪ ਕਮਾਂਡੈਂਟ ਲੈਫਟੀਨੈਂਟ ਕਰਨਲ ਕੁਮੁਦ ਮੈਨੀ ਦੀ ਦੇਖ-ਰੇਖ ਵਿਚ ਲਗਾਇਆ ਜਾ ਰਿਹਾ ਹੈ | ਕੈਂਪ ਦੇ ਸੁਚਾਰੂ ਸੰਚਾਲਨ 'ਚ ਸੂਬੇਦਾਰ ਮੇਜਰ ਜਸਵੰਤ ਸਿੰਘ ਅਤੇ ਬਟਾਲੀਅਨ ਦੇ ਸਥਾਈ ਸਿਖਲਾਈ ਸਟਾਫ਼ ਦਾ ਵਿਸ਼ੇਸ਼ ਯੋਗਦਾਨ ਹੈ | ਇਹ ਪ੍ਰੋਗਰਾਮ ਕੈਡਿਟਾਂ ਲਈ ਬਹੁਤ ਹੀ ਗਿਆਨਵਰਧਕ ਅਤੇ ਪ੍ਰੇਰਣਾਦਾਇਕ ਸਾਬਿਤ ਹੋਇਆ, ਜਿਸ ਨਾਲ ਉਨ੍ਹਾਂ ਵਿਚ ਕਾਨੂੰਨੀ ਜਾਗਰੂਕਤਾ, ਸਮਾਜਿਕ ਜ਼ਿੰਮੇਵਾਰੀ ਅਤੇ ਵਾਤਾਵਰਣ ਸੰਭਾਲ ਪ੍ਰਤੀ ਹੋਰ ਵੱਧ ਚੇਤਨਾ ਪੈਦਾ ਹੋਈ |
ਐਨ .ਸੀ. ਸੀ. ਕੈਡਿਟਾਂ ਨੂੰ ਬਾਲ ਕਾਨੂੰਨਾਂ ਅਤੇ ਵਾਤਾਵਰਨ ਸੰਭਾਲ ਪ੍ਰਤੀ ਕੀਤਾ ਗਿਆ ਜਾਗਰੂਕ <br/>
14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਯਮੁਨਾਨਗਰ ਵਲੋਂ ਸਰਸਵਤੀ ਵਿਦਿਆ ਮੰਦਰ ਜਗਾਧਰੀ ਵਿਖੇ ਲਗਾਏ ਗਏ 10 ਦਿਨਾ ਸਾਲਾਨਾ ਸਿਖਲਾਈ ਕੈਂਪ ਦੇ ਅੱਠਵੇਂ ਦਿਨ ਮੰਚ 'ਤੇ ਹਾਜ਼ਰ ਮਹਿਮਾਨ | ਤਸਵੀਰ : ਨਿਮਰ<br/>
10-06-2026