ਸਿਰਸਾ, 9 ਜੂਨ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਵੱਲੋਂ ਸਿਵਲ ਹਸਪਤਾਲ ਕੁਰੂਕਸ਼ੇਤਰ 'ਚ ਇੱਕ ਨਰਸਿੰਗ ਅਫ਼ਸਰ ਨਾਲ ਕਥਿਤ ਕੀਤੀ ਗਈ ਅਸ਼ਲੀਲ ਟਿੱਪਣੀ ਅਤੇ ਦੁਰਵਿਵਹਾਰ ਦੇ ਵਿਰੋਧ ਵਿੱਚ ਸਰਕਾਰੀ ਹਸਪਤਾਲ ਦੇ ਨਰਸਿੰਗ ਸਟਾਫ ਨੇ ਦੋ ਘੰਟੇ ਦੀ ਪੈੱਨ-ਡਾਊਨ ਹੜਤਾਲ ਕੀਤੀ ਤੇ ਚੇਅਰਪਰਸਨ ਖ਼ਿਲਾਫ਼ ਨਾਅਰੇਬਾਜੀ ਕੀਤੀ | ਨਰਸਿੰਗ ਸਟਾਫ ਨੇ ਹਰਿਆਣਾ ਦੇ ਮੁੱਖ ਮੰਤਰੀ, ਹਰਿਆਣਾ ਦੇ ਸਿਹਤ ਮੰਤਰੀ, ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ, ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ, ਹਰਿਆਣਾ ਸਾਰੇ ਸਿਵਲ ਸਰਜਨਾਂ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਹੈ | ਜ਼ਿਲ੍ਹਾ ਨਰਸਿੰਗ ਅਫ਼ਸਰ ਰਾਜਕੁਮਾਰ ਭਾਰਦਵਾਜ ਨੇ ਦੱਸਿਆ ਕਿ ਇੱਕ ਡਾਕਟਰ ਦੇ ਬਲਾਤਕਾਰ ਮਾਮਲੇ ਦੀ ਜਾਂਚ ਦੌਰਾਨ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਣੂ ਭਾਟੀਆ ਸਿਵਲ ਹਸਪਤਾਲ, ਕੁਰੂਕਸ਼ੇਤਰ ਪਹੁੰਚੀ ਅਤੇ ਉੱਥੇ ਕੰਮ ਕਰ ਰਹੀ ਨਰਸਿੰਗ ਅਫ਼ਸਰ 'ਤੇ ਅਸ਼ਲੀਲ ਅਤੇ ਅਣਉਚਿਤ ਟਿੱਪਣੀਆਂ ਕੀਤੀਆਂ | ਉਸਨੇ ਸਟਾਫ 'ਤੇ ਇਸ ਘਿਨਾਉਣੇ ਅਪਰਾਧ ਵਿੱਚ ਡਾਕਟਰ ਦਾ ਸਾਥ ਦੇਣ ਦਾ ਝੂਠਾ ਦੋਸ਼ ਲਗਾਇਆ | ਉਨ੍ਹਾਂ ਨੇ ਕਿਹਾ ਕਿ ਨਰਸਿੰਗ ਸਟਾਫ ਦੀਆਂ ਡਿਊਟੀਆਂ ਵਾਰਡ ਦੇ ਅੰਦਰ ਹੁੰਦੀਆਂ ਹਨ | ਓਪੀਡੀ ਵਿੱਚ ਇੱਕ ਮਹਿਲਾ ਸਹਾਇਕ ਹੁੰਦੀ ਹੈ ਅਤੇ ਡਾਕਟਰ ਵੱਲੋਂ ਕਿਸੇ ਮਹਿਲਾ ਮਰੀਜ਼ ਦੀ ਜਾਂਚ ਕਰਦੇ ਸਮੇਂ ਨਿੱਜੀ ਤੌਰ 'ਤੇ ਇੱਕ ਮਹਿਲਾ ਸਹਾਇਕ ਨੂੰ ਬੁਲਾਉਣਾ ਹੁੰਦਾ ਹੈ, ਇਹ ਡਾਕਟਰ ਦੇ ਪ੍ਰੋਟੋਕੋਲ ਦੇ ਅੰਦਰ ਹੈ | ਉਨ੍ਹਾਂ ਨੇ ਕਿਹਾ ਕਿ ਇਸ ਡਾਕਟਰ 'ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ | ਉਸਨੂੰ ਬਹਾਲ ਕਰਨ ਵਾਲੀ ਅਥਾਰਟੀ ਦੋਸ਼ੀ ਹੈ | ਨਰਸਿੰਗ ਅਫ਼ਸਰ ਦਾ ਕੋਈ ਵੀ ਕਸੂਰ ਨਹੀਂ ਹੈ | ਪੂਰਾ ਨਰਸਿੰਗ ਕਾਡਰ ਅਜਿਹੀਆਂ ਟਿੱਪਣੀਆਂ ਅਤੇ ਅਣਉਚਿਤ ਵਿਵਹਾਰ ਦੀ ਨਿੰਦਾ ਕਰਦਾ ਹੈ | ਉਨ੍ਹਾਂ ਨੇ ਕਿਹਾ ਕਿ ਚੇਅਰਪਰਸਨ ਰੇਣੂ ਭਾਟੀਆ ਨੂੰ ਪੂਰੇ ਨਰਸਿੰਗ ਕਾਡਰ ਤੋਂ ਮੁਆਫੀ ਮੰਗਣੀ ਚਾਹੀਦੀ ਹੈ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਅਮਿਤ, ਮੁੱਖ ਨਰਸਿੰਗ ਅਫਸਰ ਗਾਇਤਰੀ ਦੇਵੀ, ਸੁਨੀਤਾ ਕਾਲੀਰਾਮਨ, ਮਦਨ ਲਾਲ ਖੋਥ ਅਮਿਤ ਕੁਮਾਰ, ਨਸੀਬ ਜਨਰਲ ਸਕੱਤਰ ਰੇਡੀਓਗ੍ਰਾਫਰ ਐਸੋਸੀਏਸ਼ਨ, ਵਿਜੇ ਢੀਂਗਰਾ, ਸੀਨੀਅਰ ਨਰਸਿੰਗ ਸਟਾਫ ਗੀਤਾ, ਅਨੀਤਾ, ਨਰੇਸ਼, ਅੰਜੂ, ਪ੍ਰਵੀਨ, ਹਰਜੀਤ, ਕਿਰਨ, ਉਰਮਿਲ, ਸੁਖਪਾਲ, ਸ਼ਬਨਮ, ਸ਼ਸ਼ੀ, ਸੀਮਾ ਆਦਿ ਮੌਜੂਦ ਸਨ |
ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਲੋਂ ਕੀਤੀਆਂ ਟਿੱਪਣੀਆਂ ਤੋਂ ਨਰਸਿੰਗ ਸਟਾਫ਼ 'ਚ ਰੋਸ
ਹੜਤਾਲ ਕਰਕੇ ਨਾਅਰੇਬਾਜੀ ਕਰਦਿਆਂ ਸਿਵਲ ਹਸਪਤਾਲ ਦਾ ਨਰਸਿੰਗ ਸਟਾਫ | ਤਸਵੀਰ : ਪੰਨੀਵਾਲੀਆ<br/>
10-06-2026