ਗੂਹਲਾ ਚੀਕਾ, 9 ਜੂਨ (ਓ.ਪੀ. ਸੈਣੀ)-ਬੀਤੀ ਰਾਤ ਅਣਪਛਾਤੇ ਚੋਰ ਇੱਥੇ ਇਕ ਵਪਾਰੀ ਦੇ ਘਰੋਂ ਸੋਨੇ-ਚਾਂਦੀ ਦੇ ਗਹਿਣੇ, ਕੁਝ ਨਕਦੀ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ | ਚੋਰੀ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਅਤੇ ਸੀਆਈਏ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ | ਪੀੜਤ ਨੇ ਦੱਸਿਆ ਕਿ ਉਹ ਚੋਰੀ ਵਾਲੀ ਰਾਤ ਦੁਪਹਿਰ ਨੂੰ ਆਪਣੇ ਪਰਿਵਾਰ ਨਾਲ ਚੀਕਾ ਤੋਂ ਬਿਮਾਰੀ ਦਾ ਟੈੱਸਟ ਕਰਵਾਉਣ ਲਈ ਬਾਹਰ ਗਿਆ ਸੀ, ਜਿਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ | ਅੱਜ ਸਵੇਰੇ, ਉਸ ਨੂੰ ਫ਼ੋਨ ਆਇਆ ਜਿਸ ਵਿਚ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਘਰ ਦਾ ਸਮਾਨ ਖਿਲਰਿਆ ਪਿਆ ਹੈ | ਸੂਚਨਾ ਮਿਲਣ 'ਤੇ, ਉਹ ਆਪਣੇ ਪਰਿਵਾਰ ਨਾਲ ਚੀਕਾ ਸਥਿਤ ਆਪਣੇ ਘਰ ਵਾਪਸ ਆਇਆ | ਘਰ ਵਿਚ ਜਾਣ 'ਤੇ ਉਨ੍ਹਾਂ ਨੇ ਘਰ ਵਿਚ ਸਾਰਾ ਘਰੇਲੂ ਸਮਾਨ ਖਿਲਰਿਆ ਹੋਇਆ ਦੇਖਿਆ ਅਤੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸੀ | ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਅਤੇ ਸੀਆਈਏ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ | ਚੋਰੀ ਹੋਏ ਸਮਾਨ ਦਾ ਵਰਣਨ ਕਰਦੇ ਹੋਏ, ਆੜ੍ਹਤੀ ਨੇ ਦੱਸਿਆ ਕਿ ਤਿੰਨ ਅਣਪਛਾਤੇ ਚੋਰ ਇਕ ਬੁਲੇਟ ਮੋਟਰਸਾਈਕਲ 'ਤੇ ਉਸ ਦੇ ਘਰ ਪਹੁੰਚੇ | ਉਨ੍ਹਾਂ ਨੇ ਆਪਣਾ ਮੋਟਰਸਾਈਕਲ ਉਸ ਦੇ ਘਰ ਤੋਂ ਬਹੁਤ ਦੂਰ ਖੜ੍ਹਾ ਕੀਤਾ, ਜਿਹੜਾ ਕਿ ਇਕ ਗੁਆਂਢੀ ਦੇ ਸੀਸੀਟੀਵੀ ਕੈਮਰੇ ਵਿਚ ਕੈਦ ਹੋਇਆ ਹੈ | ਵਪਾਰੀ ਨੇ ਦੱਸਿਆ ਕਿ ਅਣਪਛਾਤੇ ਚੋਰ ਉਸ ਦੇ ਘਰ ਵਿਚ ਇਕ ਪਾਸੇ ਦੀ ਕੰਧ ਚੜ੍ਹ ਕੇ ਦਾਖਲ ਹੋਏ | ਉਨ੍ਹਾਂ ਨੇ ਪਹਿਲਾਂ ਮੁੱਖ ਗੇਟ ਦਾ ਤਾਲਾ ਚੈੱਕ ਕੀਤਾ ਅਤੇ ਫਿਰ ਮੁੱਖ ਘਰ ਵਿਚ ਦਾਖਲ ਹੋਏ, ਜਿੱਥੇ ਉਨ੍ਹਾਂ ਨੇ ਦੀਵਾਨ ਬੈੱਡ ਚੈੱਕ ਕੀਤੇ | ਉਨ੍ਹਾਂ ਨੇ ਘਰ ਵਿਚ ਸਾਰੀਆਂ ਚੀਜ਼ਾਂ ਦੀ ਜਾਂਚ ਕੀਤੀ ਅਤੇ ਅਲਮਾਰੀਆਂ ਦੇ ਤਾਲੇ ਤੋੜ ਦਿੱਤੇ | ਚੋਰਾਂ ਨੇ ਲਗਭਗ 50-60 ਤੋਲੇ ਸੋਨੇ ਅਤੇ ਚਾਂਦੀ ਦੇ ਗਹਿਣੇ, ਕਰੀਬ 22 ਲੱਖ ਰੁਪਏ ਦੀ ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ | ਉਨ੍ਹਾਂ ਦੱਸਿਆ ਕਿ ਚੋਰ ਲਗਭਗ ਡੇਢ ਕਰੋੜ ਰੁਪਏ ਦਾ ਨੁਕਸਾਨ ਕਰ ਗਏ | ਉਨ੍ਹਾਂ ਕਿਹਾ ਕਿ ਚੋਰ ਘਰ ਦੇ ਅੰਦਰ ਇਕ ਦਰਵਾਜੇ 'ਤੇ ਲੱਗੇ ਇਕ ਵੱਡੇ ਕੈਮਰੇ ਨੂੰ ਵੀ ਡੀਵੀਆਰ ਸਮਝ ਕੇ ਲੈ ਗਏ | ਉਨ੍ਹਾਂ ਕਿਹਾ ਕਿ ਤਿੰਨੋਂ ਚੋਰਾਂ ਨੇ ਬੈਗਾਂ ਨੂੰ ਆਪਣੇ ਮੋਢਿਆਂ 'ਤੇ ਲਟਕਾਇਆ ਹੋਇਆ ਸੀ ਅਤੇ ਤਿੰਨੋਂ ਚੋਰਾਂ ਨੇ ਆਪਣੇ ਚਿਹਰੇ ਅਤੇ ਸਿਰ ਕੱਪੜੇ ਨਾਲ ਢੱਕੇ ਹੋਏ ਸਨ | ਉਨ੍ਹਾਂ ਕਿਹਾ ਕਿ ਚੋਰੀ ਦੀ ਹਰ ਕਾਰਵਾਈ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ | ਪੁਲਿਸ ਜਾਂਚ ਕਰ ਰਹੀ ਹੈ |