ਨਵੀਂ ਦਿੱਲੀ, 16 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਰੋਹਿਣੀ ਜ਼ਿਲ੍ਹੇ ਦੇ ਵਿਜੈ ਵਿਹਾਰ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਕੋਲੋਂ 20 ਡੱਬੇ ਨਾਜਾਇਜ਼ ਸ਼ਰਾਬ ਦੇ ਬਰਾਮਦ ਕੀਤੇ ਹਨ ਅਤੇ ਨਾਲ ਹੀ ਉਹ ਕਾਰ ਵੀ ਜ਼ਬਤ ਕੀਤੀ ਹੈ, ਜੋ ਸ਼ਰਾਬ ਦੀ ਢੋਆ-ਢੁਆਈ ਵਿਚ ਵਰਤੀ ਜਾ ਰਹੀ ਸੀ | ਗਿ੍ਫ਼ਤਾਰ ਕੀਤੇ ਗਏ ਵਿਅਕਤੀ ਦਾ ਨਾਂਅ ਦਿਲਸ਼ਾਦ (35) ਹੈ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ | ਵਿਜੈ ਵਿਹਾਰ ਥਾਣੇ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਵਿੱਕਰੀ ਅਤੇ ਸਪਲਾਈ ਨੂੰ ਰੋਕਣ ਲਈ ਇਕ ਮੁਹਿੰਮ ਚਲਾਈ ਹੋਈ ਸੀ ਅਤੇ ਉਹ ਥਾਂ-ਥਾਂ 'ਤੇ ਆ-ਜਾ ਰਹੀਆਂ ਗੱਡੀਆਂ 'ਤੇ ਨਜ਼ਰ ਰੱਖਣ ਦੇ ਨਾਲ-ਨਾਲ ਗਸ਼ਤ ਵੀ ਕਰ ਰਹੀ ਸੀ | ਪੁਲਿਸ ਜਦੋਂ ਦਿੱਲੀ ਦੇ ਲਾਲ ਕੁਆਰਟਰ ਰੋਡ 'ਤੇ ਗੱਡੀਆਂ ਦੀ ਜਾਂਚ ਕਰ ਰਹੀ ਸੀ ਤਾਂ ਉਸਨੇ ਝੰਡਾ ਚੌਕ ਵਲੋਂ ਆ ਰਹੀ ਇਕ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪ੍ਰੰਤੂ ਕਾਰ ਚਲਾਉਣ ਵਾਲੇ ਵਿਅਕਤੀ ਨੇ ਕਾਰ ਹੋਰ ਭਜਾ ਕੇ ਨੱਸਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਪੁਲਿਸ ਨੇ ਕਾਰ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ | ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚ 20 ਡੱਬੇ ਨਾਜਾਇਜ਼ ਸ਼ਰਾਬ ਦੇ ਸਨ, ਜਿਨ੍ਹਾਂ ਵਿਚ ਇਕ ਹਜ਼ਾਰ ਸ਼ਰਾਬ ਦੇ ਕੁਆਰਟਰ ਰੱਖੇ ਹੋਏ ਸਨ | ਪੁਲਿਸ ਨੇ ਡੱਬੇ ਅਤੇ ਕਾਰ ਜ਼ਬਤ ਕਰ ਲਈ ਹੈ ਅਤੇ ਮਾਮਲਾ ਦਰਜ ਕਰ ਕੇ ਫੜੇ ਗਏ ਵਿਅਕਤੀ ਤੋਂ ਪੁੱਛ-ਪੜਤਾਲ ਕਰ ਰਹੀ ਹੈ |