ਨਵੀਂ ਦਿੱਲੀ, 16 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਮੌਨਸੂਨ ਆਉਣ ਤੋਂ ਪਹਿਲਾਂ ਨਗਰ ਨਿਗਮ ਨਰੇਲਾ ਜ਼ੋਨ ਨੇ ਪੂਰੀਆਂ ਤਿਆਰੀਆਂ ਕੀਤੀਆਂ ਹਨ ਅਤੇ ਜੋ ਕੰਮ ਅਜੇ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਜੰਗੀ ਪੱਧਰ 'ਤੇ ਪੂਰਾ ਕੀਤਾ ਜਾ ਰਿਹਾ ਹੈ | ਇਸ ਦੇ ਨਾਲ ਹੀ ਨਗਰ ਨਿਗਮ ਨੇ ਮਹਾਂ-ਅਭਿਆਨ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਦਾ ਉਦੇਸ਼ ਬਾਰਿਸ਼ ਦੇ ਮੌਸਮ ਵਿਚ ਪਾਣੀ ਭਰ ਜਾਣ ਦੀ ਸਮੱਸਿਆ ਨੂੰ ਦੂਰ ਕਰਨਾ ਹੈ | ਇਸ ਮਹਾਂ-ਅਭਿਆਨ ਵਿਚ ਨਾਲੀਆਂ ਦੇ ਵਿਚ ਫਸਿਆ ਕੂੜਾ, ਕਰਕਟ ਤੇ ਗਾਰ ਬਾਹਰ ਕੱਢਣਾ ਹੈ | ਜ਼ੋਨ ਵਿਚ ਜਿੱਥੇ ਕਿਤੇ ਵੀ ਗੰਦਗੀ ਦੇ ਢੇਰ ਅਕਸਰ ਬਣਦੇ ਸਨ, ਉਨ੍ਹਾਂ ਨੂੰ ਵੀ ਸਾਫ ਕੀਤਾ ਗਿਆ ਹੈ | ਜ਼ੋਨ ਵਿਚ ਹੋ ਰਹੇ ਸਮੁੱਚੇ ਕੰਮ ਦਾ ਪੁਲਿਸ ਅਧਿਕਾਰੀ ਤੇ ਨਗਰ ਨਿਗਮ ਦੇ ਅਧਿਕਾਰੀ ਵੀ ਜਾਇਜ਼ਾ ਲੈ ਰਹੇ ਹਨ | ਇਸ ਤੋਂ ਇਲਾਵਾ ਸਿਹਤ ਵਿਭਾਗ ਡੇਂਗੂ ਤੇ ਮਲੇਰੀਆ ਨਾਲ ਸੰਬੰਧਿਤ ਬਿਮਾਰੀਆਂ ਨੂੰ ਰੋਕਣ ਦੇ ਲਈ ਐੰਾਟੀ ਲਾਰਵਾ ਗਤੀਵਿਧੀਆਂ ਅਤੇ ਆਈ. ਆਰ. ਐਸ. ਸਪਰੇਅ ਦਾ ਕੰਮ ਵੀ ਤੇਜ਼ੀ ਦੇ ਨਾਲ ਚੱਲ ਰਿਹਾ ਹੈ | ਨਗਰ ਨਿਗਮ ਨੇ ਇੱਥੋਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਾਫ਼-ਸਫਾਈ ਰੱਖਦੇ ਹੋਏ ਹੋਰਨਾਂ ਕੰਮਾਂ ਵਿਚ ਵੀ ਪੂਰਾ ਸਹਿਯੋਗ ਕਰਨ |