ਯਮੁਨਾਨਗਰ, 17 ਜੂਨ (ਗੁਰਦਿਆਲ ਸਿੰਘ ਨਿਮਰ)-ਸਰਸਵਤੀ ਵਿਦਿਆ ਮੰਦਰ ਜਗਾਧਰੀ ਵਿਖੇ ਅੰਬਾਲਾ ਗਰੁੱਪ ਐਨ. ਸੀ. ਸੀ. ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਰੋਹਿਤ ਸਹਿਗਲ ਦੇ ਦਿਸ਼ਾ-ਨਿਰਦੇਸ਼ਾਂ ਹੇਠ 14 ਹਰਿਆਣਾ ਬਟਾਲੀਅਨ ਐਨ. ਸੀ. ਸੀ. ਵਲੋਂ ਅੰਬਾਲਾ ਗਰੁੱਪ ਆਰਮੀ ਕੈਂਪ ਨਾਲ ਲਗਾਏ ਜਾ ਰਹੇ ਸੰਯੁਕਤ ਸਾਲਾਨਾ ਸਿਖਲਾਈ ਕੈਂਪ ਦਾ ਛੇਵਾਂ ਦਿਨ ਐਨ. ਸੀ. ਸੀ. ਕੈਡਿਟਾਂ ਲਈ ਜਾਣਕਾਰੀ ਤੇ ਵਿਹਾਰਕ ਸਿਖਲਾਈ ਗਤੀਵਿਧੀਆਂ ਨਾਲ ਭਰਪੂਰ ਸੀ। ਇਹ ਕੈਂਪ ਕਮਾਂਡਿੰਗ ਅਫ਼ਸਰ ਕਰਨਲ ਪੰਕਜ ਪਾਰੀਕ ਦੀ ਅਗਵਾਈ ਅਤੇ ਲੈਫਟੀਨੈਂਟ ਕਰਨਲ ਕੁਮੁਦ ਮੈਨੀ ਦੀ ਪ੍ਰਸ਼ਾਸਕੀ ਅਗਵਾਈ ਹੇਠ ਸੂਬੇਦਾਰ ਮੇਜਰ ਜਸਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੇ ਮਾਰਗਦਰਸ਼ਨ ਤੇ ਸਹਾਇਤਾ ਹੇਠ ਲਗਾਇਆ ਜਾ ਰਿਹਾ ਹੈ। ਇਸ ਦਿਨ ਦੀ ਸ਼ੁਰੂਆਤ ਸਬ ਫਾਇਰ ਅਫ਼ਸਰ ਪ੍ਰਵੀਨ ਕੁਮਾਰ ਵਲੋਂ ਦਿੱਤੇ ਗਏ ‘ਅੱਗ ਬੁਝਾਉਣ ਦੇ ਪ੍ਰਬੰਧਨ’ ’ਤੇ ਲੈਕਚਰ ਨਾਲ ਹੋਈ। ਇਸ ਮੌਕੇ ਉਨ੍ਹਾਂ ਨੇ ਕੈਡਿਟਾਂ ਨੂੰ ਅੱਗ ਦੇ ਵੱਖ-ਵੱਖ ਕਾਰਨਾਂ, ਸੁਰੱਖਿਆ ਉਪਾਵਾਂ, ਅੱਗ ਬੁਝਾਉਣ ਵਾਲੇ ਉਪਕਰਣਾਂ ਬਾਰੇ ਜਾਣਕਾਰੀ ਦਿੰਦਿਆਂ ਅੱਗ ਦੀ ਐਮਰਜੈਂਸੀ ਨਾਲ ਨਜਿੱਠਣ ਦੇ ਕਿਸਮਾਂ ਤੇ ਸਹੀ ਤਰੀਕਿਆਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਅਜਿਹੀਆਂ ਸਥਿਤੀਆਂ ਵਿਚ ਸਮਝਦਾਰੀ, ਤੁਰੰਤ ਕਾਰਵਾਈ ਅਤੇ ਸੁਰੱਖਿਆ ਸਾਵਧਾਨੀਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਹਵਲਦਾਰ ਸੰਦੀਪ ਅਤੇ ਹਵਲਦਾਰ ਜਸਵਿੰਦਰ ਵਲੋਂ ਕੈਡਿਟਾਂ ਨੂੰ ਹਥਿਆਰਾਂ ਦੀ ਵਰਤੋਂ ਅਤੇ ਰੱਖ-ਰਖਾਅ ਬਾਰੇ ਸਿਖਲਾਈ ਦਿੱਤੀ ਗਈ। ਟ੍ਰੇਨਰਾਂ ਨੇ ਕੈਡਿਟਾਂ ਨੂੰ ਹਥਿਆਰਾਂ ਦੀ ਵਰਤੋਂ ਕਰਦੇ ਸਮੇਂ ਅਨੁਸ਼ਾਸਨ ਅਤੇ ਸੁਰੱਖਿਆ ਦੀ ਮਹੱਤਤਾ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਨਾਇਬ ਸੂਬੇਦਾਰ ਗੌਤਮ ਅਤੇ ਕੰਪਨੀ ਹਵਲਦਾਰ ਮੇਜਰ ਅਮਨ ਦੀ ਨਿਗਰਾਨੀ ਹੇਠ ਕੈਡਿਟਾਂ ਨੂੰ ਨਿਸ਼ਾਨੇਬਾਜ਼ੀ ਅਤੇ ਫਾਇਰਿੰਗ ਤਕਨੀਕਾਂ ਦਾ ਵਿਹਾਰਕ ਤਜਰਬਾ ਪ੍ਰਦਾਨ ਕੀਤਾ ਗਿਆ। ਇਸ ਦੌਰਾਨ ਇੰਸਟ੍ਰਕਟਰਾਂ ਨੇ ਉਨ੍ਹਾਂ ਨੂੰ ਸਹੀ ਨਿਸ਼ਾਨਾ ਬਣਾਉਣਾ, ਵੱਖ-ਵੱਖ ਫਾਇਰਿੰਗ ਪੋਜੀਸ਼ਨਾਂ ਅਤੇ ਟਰਿੱਗਰ ਕੰਟਰੋਲ ਸਿਖਾਇਆ ਅਤੇ ਸੁਰੱਖਿਆ ਨਿਯਮਾਂ ਬਾਰੇ ਮਾਰਗਦਰਸ਼ਨ ਪ੍ਰਦਾਨ ਕੀਤਾ। ਸ਼ਾਮ ਸਮੇਂ ਕੈਡਿਟਾਂ ਦੀ ਸਰੀਰਕ ਤੰਦਰੁਸਤੀ, ਟੀਮ ਭਾਵਨਾ ਤੇ ਦੋਸਤੀ ਨੂੰ ਮਜ਼ਬੂਤ ਕਰਨ ਲਈ ਵੱਖ-ਵੱਖ ਖੇਡਾਂ ਅਤੇ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ।