ਯਮੁਨਾਨਗਰ, 17 ਜੂਨ (ਗੁਰਦਿਆਲ ਸਿੰਘ ਨਿਮਰ)-ਹਰਿਆਣਾ ਰਾਜ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਸੰਜੇ ਕੁਮਾਰ ਅਤੇ ਸੰਯੁਕਤ ਪੁਲਿਸ ਕਮਿਸ਼ਨਰ ਸੋਨੀਪਤ ਤੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਰਾਜੇਂਦਰ ਕੁਮਾਰ ਮੀਣਾ ਦੀ ਅਗਵਾਈ ਹੇਠ ਸਰਸਵਤੀ ਵਿਦਿਆ ਮੰਦਰ ਵਿਖੇ 14ਵੀਂ ਹਰਿਆਣਾ ਬਟਾਲੀਅਨ ਐਨ. ਸੀ. ਸੀ. ਵਲੋਂ ਯਮੁਨਾਨਗਰ ਦੇ ਨੈਸ਼ਨਲ ਕੈਡਿਟ ਕੋਰ ਕੈਂਪ ’ਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਵਿਰੁੱਧ ਇਕ ਰੋਜ਼ਾ 108ਵਾਂ ਨੈਸ਼ਨਲ ਕੈਡਿਟ ਕੋਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ 450 ਤੋਂ ਵੱਧ ਕੈਡਿਟਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ’ਚ ਉੱਚ ਅਧਿਕਾਰੀਆਂ ਦੇ ਆਦੇਸ਼ਾਂ ’ਤੇ ਬਿਊਰੋ ਦੇ ਜਾਗਰੂਕਤਾ ਪ੍ਰੋਗਰਾਮਾਂ ਤੇ ਪੁਨਰਵਾਸ/ਸਬ-ਇੰਸਪੈਕਟਰ ਦੇ ਇੰਚਾਰਜ ਡਾ. ਅਸ਼ੋਕ ਕੁਮਾਰ ਵਰਮਾ ਵੀ ਪਹੁੰਚੇ ਅਤੇ ਇਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਰਤ ਮਾਤਾ ਦੇ ਬਹਾਦਰ ਪੁੱਤਰ ਮਹਾਰਾਣਾ ਪ੍ਰਤਾਪ ਦੇ ਜੀਵਨ ’ਤੇ ਚਾਨਣਾ ਪਾਇਆ, ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਦਾ ਪ੍ਰਤੀਕ ਸੀ, ਜਿਨ੍ਹਾਂ ਦਾ ਪੂਰਾ ਜੀਵਨ ਰਾਸ਼ਟਰ ਨੂੰ ਸਮਰਪਿਤ ਸੀ। ਉਨ੍ਹਾਂ ਕਿਹਾ ਕਿ ਸਾਨੂੰ ਉਨ੍ਹਾਂ ਤੋਂ ਦੇਸ਼ ਨੂੰ ਆਪਣਾ ਸਭ ਕੁਝ ਸਮਝਣ ਲਈ ਪ੍ਰੇਰਨਾ ਲੈਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅੱਜ ਸਾਰਿਆਂ ਨੂੰ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕੈਡਿਟਾਂ ਨੂੰ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਨਸ਼ਾ ਇਕ ਸ਼ੌਕ ਵਜੋਂ ਸ਼ੁਰੂ ਹੁੰਦਾ ਹੈ ਅਤੇ ਦੁੱਖ ’ਚ ਖ਼ਤਮ ਹੁੰਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਜਿਸ ਕਿਸੇ ਕੋਲ ਵੀ ਨਸ਼ਿਆਂ ਦੀ ਤਸਕਰੀ ਜਾਂ ਵਿਕਰੀ ਨਾਲ ਸੰਬੰਧਿਤ ਜਾਣਕਾਰੀ ਹੈ, ਉਹ ਉਸ ਸੰਬੰਧੀ ਰਿਪੋਰਟ ਐਨ. ਸੀ. ਬੀ. ਨੈਸ਼ਨਲ ਹੈਲਪਲਾਈਨ 1933, ਆਨਲਾਈਨ ਸ਼ਿਕਾਇਤ ਪੋਰਟਲ NCBMANAS.GOV.IN ਜਾਂ ਹਰਿਆਣਾ ਐਨ. ਸੀ. ਬੀ. ਹੈਲਪਲਾਈਨ 90508-91508 ਟੋਲ-ਫ੍ਰੀ ਨੰਬਰਾਂ ’ਤੇ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਂਅ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਸੂਬੇਦਾਰ ਮਸਤ ਰਾਮ ਨੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।