23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਵਰਿਆਣਾ 'ਚ ਕੂੜੇ ਦੇ ਡੰਪ ਖ਼ਿਲਾਫ਼ ਐਨ. ਜੀ. ਟੀ. 'ਚ ਅਰਜ਼ੀ ਦਾਖ਼ਲ

ਵਰਿਆਣਾ ਡੰਪ ਦੇ ਆਲ਼ੇ ਦੁਆਲੇ ਇਲਾਕਿਆਂ 'ਚ ਫੈਲਿਆ ਕੂੜਾ | ਤਸਵੀਰ: ਮੁਨੀਸ਼ <br/> 13-02-2026
ਜਲੰਧਰ, 12 ਫਰਵਰੀ (ਸ਼ਿਵ)- ਮੇਅਰ ਵਨੀਤ ਧੀਰ ਦੇ ਯਤਨਾਂ ਨਾਲ ਚਾਹੇ ਵਰਿਆਣਾ ਡੰਪ ਦੇ ਬਣੇ ਕੂੜੇ ਦੇ ਪਹਾੜ ਨੂੰ ਖ਼ਤਮ ਕਰਵਾਉਣ ਲਈ ਕੂੜਾ ਸੰਭਾਲ ਪ੍ਰਾਜੈਕਟ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਤੇ ਹੁਣ ਤੱਕ ਕੰਪਨੀ ਵੱਲੋਂ 72000 ਟਨ ਦੇ ਕਰੀਬ ਕੂੜੇ ਨੂੰ ਖਤਮ ਕਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਸ਼ਹਿਰ ਦੇ ਸਮਾਜਿਕ ਤੇ ਵਾਤਾਵਰਨ ਕਾਰਕੁਨ ਤੇਜਸਵੀ ਮਿਨਹਾਸ ਵਲੋਂ ਜਲੰਧਰ ਦੇ ਵਰਿਆਣਾ ਡੰਪ ਸਾਈਟ 'ਤੇ ਠੋਸ ਕਚਰਾ ਪ੍ਰਬੰਧਨ ਨਿਯਮ- 2016 ਦੀਆਂ ਕਥਿਤ ਉਲੰਘਣਾਵਾਂ ਸੰਬੰਧੀ ਨੈਸ਼ਨਲ ਗਰੀਨ ਟਿ੍ਬਿਊਨਲ (ਐਨ.ਜੀ.ਟੀ.) ਦੀ ਪਿ੍ੰਸੀਪਲ ਬੈਂਚ ਨਵੀਂ ਦਿੱਲੀ ਵਿਚ ਮੂਲ ਅਰਜ਼ੀ ਦਾਇਰ ਕੀਤੀ ਗਈ ਹੈ | ਇਹ ਮਾਮਲਾ ਮੂਲ ਅਰਜ਼ੀ ਨੰਬਰ 97/2026 ਵਜੋਂ ਦਰਜ ਕੀਤਾ ਗਿਆ ਹੈ ਤੇ ਇਸ ਦੀ ਸੁਣਵਾਈ 10 ਫ਼ਰਵਰੀ 2026 ਨੂੰ ਹੋਈ | ਅਰਜ਼ੀਕਾਰ ਅਨੁਸਾਰ ਵਰਿਆਣਾ ਵਾਲਾ ਸਥਾਨ ਜਲੰਧਰ ਦਾ ਸਭ ਤੋਂ ਪੁਰਾਣਾ ਡੰਪਿੰਗ ਗਰਾਊਾਡ ਹੈ ਜਿੱਥੇ ਲਗਭਗ 20 ਲੱਖ ਮੈਟਿ੍ਕ ਟਨ ਪੁਰਾਣਾ ਕਚਰਾ ਇਕੱਠਾ ਹੈ, ਜੋ ਹੁਣ ਕਚਰੇ ਦਾ ਪਹਾੜ ਬਣ ਚੁੱਕਾ ਹੈ | ਦਾਅਵਾ ਕੀਤਾ ਗਿਆ ਹੈ ਕਿ ਨਗਰ ਨਿਗਮ ਜਲੰਧਰ ਵੱਲੋਂ ਹਰ ਰੋਜ਼ ਕਰੀਬ 500-700 ਟਨ ਬਿਨਾਂ ਛਾਂਟਿਆ ਹੋਇਆ ਕਚਰਾ ਇਸ ਸਥਾਨ 'ਤੇ ਡੰਪ ਕੀਤਾ ਜਾ ਰਿਹਾ ਹੈ | ਅਰਜ਼ੀ ਮੁਤਾਬਕ ਇੱਥੇ ਸੁੱਕਾ ਤੇ ਗਿੱਲਾ ਕਚਰਾ, ਘਰੇਲੂ, ਵਪਾਰਕ, ਰੀਸਾਈਕਲ ਯੋਗ, ਗੈਰ-ਰੀਸਾਈਕਲ ਯੋਗ, ਮੈਡੀਕਲ ਤੇ ਜੈਵ-ਖਤਰਨਾਕ ਕਚਰਾ ਬਿਨਾਂ ਕਿਸੇ ਛਟਾਈ ਦੇ ਇਕੱਠਾ ਕੀਤਾ ਜਾ ਰਿਹਾ ਹੈ | ਕਚਰੇ ਦੀ ਢੁਆਈ ਬਿਨਾਂ ਢਕੇ ਵਾਹਨਾਂ ਰਾਹੀਂ ਕੀਤੀ ਜਾ ਰਹੀ ਹੈ, ਜੋ ਨਿਯਮਾਂ ਦੇ ਉਲਟ ਹੈ | ਇਸ ਮਾਮਲੇ ਸੰਬੰਧੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਵੱਲੋਂ ਪਹਿਲਾਂ ਵੀ ਇਤਰਾਜ਼ ਦਰਜ ਕੀਤੇ ਜਾਣ ਦੀ ਗੱਲ ਅਰਜ਼ੀ ਵਿਚ ਦਰਜ ਕੀਤੀ ਗਈ ਹੈ | ਅਰਜ਼ੀ ਵਿਚ ਦਲੀਲ ਦਿੱਤੀ ਗਈ ਹੈ ਕਿ ਡੰਪ ਸਾਈਟ ਆਪਣੀ ਤੈਅ ਸਮਰੱਥਾ ਤੋਂ ਕਾਫ਼ੀ ਵੱਧ ਵਰਤੀ ਜਾ ਰਹੀ ਹੈ ਤੇ ਵਾਤਾਵਰਨ ਖ਼ਰਾਬ ਹੋ ਰਿਹਾ ਹੈ | 10 ਫ਼ਰਵਰੀ 2026 ਨੂੰ ਹੋਈ ਸੁਣਵਾਈ ਦÏਰਾਨ ਐਨ.ਜੀ.ਟੀ. ਵੱਲੋਂ ਪੰਜਾਬ ਰਾਜ ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰਾਲਾ, ਨਗਰ ਕਮਿਸ਼ਨਰ ਜਲੰਧਰ, ਡਵੀਜ਼ਨਲ ਕਮਿਸ਼ਨਰ ਜਲੰਧਰ, ਮੈਂਬਰ ਸਕੱਤਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਐਡੀਸ਼ਨਲ ਚੀਫ਼ ਸਕੱਤਰ (ਲੋਕਲ ਬਾਡੀਜ਼) ਪੰਜਾਬ ਨੂੰ ਨੋਟਿਸ ਜਾਰੀ ਕੀਤੇ ਗਏ | ਅਰਜ਼ੀਕਾਰ ਨੇ ਵਰਿਆਣਾ ਸਾਈਟ 'ਤੇ ਤੁਰੰਤ ਕਚਰਾ ਡੰਪਿੰਗ ਰੋਕਣ ਤੇ ਵਾਤਾਵਰਨ ਕਾਨੂੰਨਾਂ ਅਨੁਸਾਰ ਸੁਧਾਰ ਕਰਨ ਵਾਲੇ ਕਦਮ ਚੁੱਕਣ ਲਈ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ | ਮਾਮਲੇ ਦੀ ਅਗਲੀ ਸੁਣਵਾਈ 17 ਮਾਰਚ 2026 ਨੂੰ ਨਿਰਧਾਰਿਤ ਕੀਤੀ ਗਈ ਹੈ |
ਪਿਛਲੀ ਖ਼ਬਰ ਸੁਆਮੀ ਸੰਤ ਦਾਸ ਦਾ 116ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਮੁੱਖ ਮੰਤਰੀ ਵਲੋਂ ਵਿਕਾਸਪੁਰੀ ਡੰਪ ਦਾ ਮਸਲਾ ਹੱਲ ਕਰਵਾਉਣ ਦੀ ਹਦਾਇਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।