ਜਲੰਧਰ 12 ਫਰਵਰੀ (ਸ਼ਿਵ)- ਜਲੰਧਰ ਨਗਰ ਨਿਗਮ ਵਿੱਚ ਸੀਵਰਮੈਨਾਂ ਦੀ ਭਰਤੀ ਲਈ ਲਾਗੂ ਕੀਤੇ ਗਏ ਰੋਸਟਰ ਸਿਸਟਮ ਨੂੰ ਲੈ ਕੇ ਸਾਰੀਆਂ ਨਗਰ ਨਿਗਮ ਯੂਨੀਅਨਾਂ ਵਿੱਚ ਪਹਿਲਾਂ ਹੀ ਵਿਆਪਕ ਰੋਸ ਹੈ | ਯੂਨੀਅਨ ਵੱਲੋਂ ਸੀਵਰਮੈਨਾਂ ਨੂੰ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਅੱਜ ਨਾਅਰੇਬਾਜ਼ੀ ਕੀਤੀ ਗਈ | ਹੁਣ ਨਗਰ ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਨੇ ਲਿਖਤੀ ਤੇ ਨਿੱਜੀ ਤੌਰ 'ਤੇ ਨਗਰ ਨਿਗਮ ਕਮਿਸ਼ਨਰ ਸ੍ਰੀ ਸੰਦੀਪ ਰਿਸ਼ੀ ਤੇ ਮੇਅਰ ਸ੍ਰੀ ਵਿਨੀਤ ਧੀਰ ਤੋਂ ਮੰਗ ਕੀਤੀ ਹੈ ਕਿ ਨਗਰ ਨਿਗਮ ਵੱਲੋਂ ਰੱਖੇ ਗਏ 370 ਅਸਥਾਈ ਸੀਵਰਮੈਨਾਂ ਵਿੱਚੋਂ ਬਹੁਤਿਆਂ ਨੂੰ ਲਗਭਗ ਛੇ ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ ਜਿਨ੍ਹਾਂ ਨੂੰ ਤਨਖਾਹਾਂ ਮਿਲੀਆਂ ਹਨ, ਉਨ੍ਹਾਂ ਵਿੱਚੋਂ ਕੁਝ ਨੂੰ 3,000 ਰੁਪਏ, ਕੁਝ ਨੂੰ 6,000 ਰੁਪਏ ਤੇ ਕੁਝ ਨੂੰ 9,000 ਰੁਪਏ ਮਿਲ ਰਹੇ ਹਨ | ਇਸ ਸਬੰਧ ਵਿੱਚ ਅੱਜ ਨਗਰ ਨਿਗਮ ਦੀਆਂ ਸਾਂਝੀਆਂ ਯੂਨੀਅਨਾਂ ਨੇ ਪਵਨ ਬਾਬਾ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤੇ ਚੇਤਾਵਨੀ ਦਿੱਤੀ ਕਿ ਜੇਕਰ ਤਨਖਾਹਾਂ ਸਹੀ ਢੰਗ ਨਾਲ ਸਾਰੇ ਸੀਵਰਮੈਨਾਂ ਦੇ ਖਾਤਿਆਂ 'ਚ ਜਮ੍ਹਾਂ ਨਹੀਂ ਕੀਤੀਆਂ ਗਈਆਂ ਤਾਂ ਕੱਲ੍ਹ ਤੋਂ ਸਾਰੇ ਜ਼ੋਨਾਂ ਤੇ ਨਗਰ ਨਿਗਮ ਦਫ਼ਤਰਾਂ ਵਿੱਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਸੈਨੇਟਰੀ ਸੁਪਰਵਾਈਜ਼ਰ ਯੂਨੀਅਨ ਦੇ ਪ੍ਰਧਾਨ ਸੰਨੀ ਸੇਠੀ, ਕਾਰਪੋਰੇਸ਼ਨ ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੌਰਵ ਗਿੱਲ, ਮਿਉਂਸਪਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਚੇਅਰਮੈਨ ਅਸ਼ੋਕ ਭੀਲ, ਪ੍ਰਧਾਨ ਵਿਨੋਦ ਸਹੋਤਾ, ਡਰਾਈਵਰ ਤੇ ਜੇ.ਸੀ.ਬੀ. ਅਪਰੇਟਰ ਯੂਨੀਅਨ ਦੇ ਪ੍ਰਧਾਨ ਅਨਿਲ ਸਭਰਵਾਲ, ਸ਼ਾਮ ਲਾਲ ਗਿੱਲ, ਹਰੀਵੰਸ਼ ਸਿੱਧੂ, ਸੀਵਰਮੈਨ ਯੂਨੀਅਨ ਦੇ ਪ੍ਰਧਾਨ ਰਾਜਕੁਮਾਰ, ਜਲ ਸਪਲਾਈ ਰਿਕਵਰੀ ਸਟਾਫ਼ ਦੇ ਪ੍ਰਧਾਨ ਹਰਜੀਤ ਬੌਬੀ, ਰਜਿੰਦਰ ਸੱਭਰਵਾਲ ਤੇ ਹੋਰ ਆਗੂ ਹਾਜ਼ਰ ਸਨ |