ਜਲੰਧਰ, 12 ਫਰਵਰੀ (ਡਾ. ਜਤਿੰਦਰ ਸਾਬੀ)- ਪ੍ਰੋ ਹਾਕੀ ਲੀਗ ਦੇ ਮੈਚ ਜੋ ਵਿਰਸਾ ਮੰਡਾ ਹਾਕੀ ਸਟੇਡੀਅਮ ਰੁੜਕੇਲਾ ਵਿਖੇ ਕਰਵਾਏ ਜਾ ਰਹੇ ਹਨ | ਇਸ ਲੀਗ ਵਿਚ ਭਾਰਤ, ਬੈਲਜੀਅਮ ਤੇ ਅਰਜਨਟੀਨਾ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ | ਭਾਰਤੀ ਹਾਕੀ ਟੀਮ ਨੂੰ ਅੱਜ ਖੇਡੇ ਗਏ ਮੈਚ ਵਿਚੋਂ ਅਰਜਨਟੀਨਾ ਨੇ ਬੁਰੀ ਤਰ੍ਹਾਂ ਨਾਲ ਇਕਪਾਸੜ ਮੁਕਾਬਲੇ ਵਿਚੋਂ 8-0 ਨਾਲ ਮਾਤ ਦਿੱਤੀ ਹੈ ਤੇ ਇਸ ਤੋਂ ਪਹਿਲਾਂ 11 ਫਰਵਰੀ ਨੂੰ ਖੇਡੇ ਗਏ ਬੈਲਜੀਅਮ ਨਾਲ ਮੈਚ ਵਿਚੋਂ ਵੀ ਭਾਰਤੀ ਹਾਕੀ ਟੀਮ ਨੂੰ 3-1 ਨਾਲ ਹਾਰ ਵੇਖਣ ਨੂੰ ਮਿਲੀ ਸੀ | ਬੇਸ਼ੱਕ ਭਾਰਤੀ ਹਾਕੀ ਟੀਮ 2028 ਦੀਆਂ ਲਾਸ ਏਾਜਸਲ ਉਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰਨ ਲਈ ਪੂਰੀ ਵਾਹ ਲਗਾ ਰਹੀ ਹੈ ਤੇ ਜਿਸ ਤਰੀਕੇ ਨਾਲ ਪਿਛਲੇ ਸਮੇਂ 'ਚ ਹਾਕੀ ਇੰਡੀਆ ਨੇ ਪੰਜਾਬੀ ਖਿਡਾਰੀਆਂ ਦੀ ਭਾਰਤੀ ਹਾਕੀ ਟੀਮ 'ਚੋਂ ਛਾਂਟੀ ਕੀਤੀ ਹੈ | ਉਨ੍ਹਾਂ ਨੂੰ ਆਰਾਮ ਦੇਣ ਦਾ ਨਾਮ ਦੇ ਕੇ ਬਾਹਰ ਦਾ ਰਸਤਾ ਵਿਖਾਇਆ ਹੈ, ਉਸ ਦਾ ਖ਼ਮਿਆਜ਼ਾ ਭਾਰਤੀ ਹਾਕੀ ਟੀਮ ਨੂੰ ਇਸ ਵੇਲੇ ਭੁਗਤਣਾ ਪੈ ਰਿਹਾ ਹੈ | ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਜੋ ਕਿ ਬਤੌਰ ਸੈਂਟਰ ਹਾਫ਼ ਟੀਮ ਦਾ ਪੂਰਾ ਥੰਮ ਸੀ ਤੇ ਡਟ ਕੇ ਅਟੈਕ ਕਰਦਾ ਸੀ ਤੇ ਟੀਮ ਦੀ ਡਿਫੈਂਸ ਨੂੰ ਪੂਰਾ ਕੰਟਰੋਲ ਕਰਦਾ ਸੀ ਨਾਲ ਹੀ ਪੈਨਲਟੀ ਕਾਰਨਰ ਤੇ ਉਹ ਵਧੀਆ ਰਸ਼ ਕਰਦਾ ਸੀ ਤੇ ਉਸ ਦੀ ਘਾਟ ਵੀ ਇਨ੍ਹਾਂ ਮੈਚਾਂ 'ਚ ਭਾਰਤੀ ਹਾਕੀ ਟੀਮ ਨੂੰ ਜ਼ਰੂਰ ਰੜਕੀ ਤੇ ਦਿਲਪ੍ਰੀਤ ਸਿੰਘ ਜੋ ਸਟਾਰ ਸਟ੍ਰਾਈਕਰ ਸੀ ਤੇ ਮੌਕੇ 'ਤੇ ਗੋਲ ਦਾਗ਼ਣ ਵਾਲਾ ਖਿਡਾਰੀ ਸੀ, ਦਾ ਘਾਟਾ ਵੀ ਭਾਰਤੀ ਹਾਕੀ ਟੀਮ ਨੂੰ ਪਿਆ ਤੇ ਇਸ ਦੇ ਨਾਲ ਭਾਰਤੀ ਹਾਕੀ ਟੀਮ ਦੀ ਬੈਕ ਬੋਨ ਕ੍ਰਿਸ਼ਨਾ ਪਾਠਕ ਜੋ ਕਿ ਭਾਰਤੀ ਹਾਕੀ ਟੀਮ ਲਈ ਚੀਨ ਦੀ ਦੀਵਾਰ ਬਣੇ ਬਤੌਰ ਗੋਲ ਕੀਪਰ ਰੱਖਿਆ ਕਰਦਾ ਸੀ | ਇਨ੍ਹਾਂ ਤਿੰਨਾਂ ਖਿਡਾਰੀਆਂ ਦੀ ਘਾਟ ਜ਼ਰੂਰ ਭਾਰਤੀ ਹਾਕੀ ਟੀਮ ਮਹਿਸੂਸ ਹੋਈ | ਜਿਸ ਤਰ੍ਹਾਂ ਨਾਲ ਹਾਕੀ ਇੰਡੀਆ ਵੱਲੋਂ ਇਨ੍ਹਾਂ ਤਿੰਨਾਂ ਪੰਜਾਬੀ ਖਿਡਾਰੀਆਂ ਦੀ ਇਕ ਘੜੀ ਹੋਈ ਵਿਉਂਤਬੰਦੀ ਤਹਿਤ ਛਾਂਟੀ ਕੀਤੀ ਗਈ ਹੈ, ਉਸ ਦਾ ਨਤੀਜਾ ਸਾਨੂੰ ਪ੍ਰੋ ਹਾਕੀ ਲੀਗ 'ਚ ਵੇਖਣ ਨੰੂ ਮਿਲ ਰਿਹਾ ਹੈ | ਹਾਕੀ ਪੰਜਾਬ ਦੀ ਖ਼ਾਮੋਸ਼ੀ 'ਤੇ ਵੀ ਹਾਕੀ ਜਗਤ ਬਹੁਤ ਹੀ ਹੈਰਾਨ ਹੈ | ਉਨ੍ਹਾਂ ਨੇ ਵੀ ਇਨ੍ਹਾਂ ਪੰਜਾਬੀ ਖਿਡਾਰੀਆਂ ਨੂੰ ਬਾਹਰ ਕਰਨ 'ਤੇ ਕੋਈ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ ਜੋ ਬਹੁਤ ਹੀ ਮੰਦਭਾਗਾ ਹੈ |