12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਹੋਟਲ ਮੈਰੀਟਨ ਦੇ ਭਾਈਵਾਲ ਹੋਏ ਹੱਥੋਪਾਈ, ਝਗੜੇ ਦੀ ਵੀਡੀਓ ਵਾਇਰਲ <br/>

ਅਜੀਤ ਡੈਸਕ 14-02-2026
ਜਲੰਧਰ ਛਾਉਣੀ, 13 ਫਰਵਰੀ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੀ ਪੁਲਿਸ ਚੌਂਕੀ ਦਕੋਹਾ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ ਨੇੜੇ ਸਥਿਤ ਮੈਰੀਟਨ ਹੋਟਲ 'ਚ ਬੀਤੀ ਰਾਤ ਕਿਸੇ ਵਿਵਾਦ ਦੌਰਾਨ ਉਕਤ ਹੋਟਲ ਦੇ 6 ਪਾਰਟਨਰਾਂ 'ਚੋਂ 2 ਪਾਰਟਨਰ ਹੱਥੋਪਾਈ ਹੋ ਗਏ ਜਿਸ ਦੌਰਾਨ ਇੱਕ ਧਿਰ ਵਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਦੂਸਰੀ ਧਿਰ ਦੇ ਪਿਉ-ਪੁੱਤਰ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਸੰਬੰਧੀ ਪੀੜਤ ਧਿਰ ਵਲੋਂ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ | ਝਗੜੇ ਦੀ ਵੀਡੀਓ ਵਾਇਰਲ ਹੋਣ ਕਾਰਨ ਅੱਜ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਰਿਹਾ | ਅੱਜ ਪੱਤਰਕਾਰ ਸੰਮੇਲਨ ਦੌਰਾਨ ਉਕਤ ਹੋਟਲ ਦੇ ਪਾਰਟਨਰ ਡਾ. ਪਰਮਜੀਤ ਸਿੰਘ ਮਰਵਾਹਾ ਨੇ ਦੱਸਿਆ ਕਿ ਮੈਰੀਟਨ ਹੋਟਲ ਦੇ ਡਾ. ਪਰਮਜੀਤ ਸਿੰਘ ਮਰਵਾਹਾ, ਇੰਦਰਪਾਲ ਸਿੰਘ, ਗੌਤਮ ਕੁਕਰੇਜਾ, ਤਰਨਜੀਤ ਕੌਰ, ਇੰਦਰਜੀਤ ਸਿੰਘ ਤੇ ਦਕਸ਼ ਦੁਆ 6 ਪਾਰਟਨਰ ਹਨ | ਦਕਸ਼ ਦੁਆ ਅਕਸਰ ਹੀ ਹੋਟਲ ਨੂੰ ਲੈ ਕੇ ਬਾਕੀ ਪਾਰਟਨਰਾਂ ਨਾਲ ਵਿਵਾਦ ਕਰਦਾ ਰਹਿੰਦਾ ਹੈ | ਬੀਤੀ ਰਾਤ ਉਹ ਹੋਟਲ 'ਚ ਚੱਲ ਰਹੇ ਇੱਕ ਸਮਾਗਮ ਦੀ ਚੈਕਿੰਗ ਕਰਕੇ ਹੋਟਲ ਦੀ ਲਿਫ਼ਟ ਰਾਹੀਂ ਬਾਹਰ ਨਿਕਲੇ ਤਾਂ ਇਸ ਦੌਰਾਨ ਦਕਸ਼ ਦੁਆ ਦੇ ਭਰਾ ਗੁਲਸ਼ਨ ਦੁਆ ਨੇ ਮੇਰੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਪਰ ਮੈਂ ਇਸ ਦੌਰਾਨ ਉਸ ਨੂੰ ਕੁਝ ਵੀ ਨਹੀਂ ਕਿਹਾ | ਜਦੋਂ ਮੈਂ ਆਪਣੇ ਬੇਟੇ ਸਮੇਤ ਹੋਟਲ ਦੀ ਲੌਬੀ 'ਚ ਗਿਆ ਤਾਂ ਦਕਸ਼ ਦੁਆ ਤੇ ਉਸ ਦੇ ਭਰਾ ਗੁਲਸ਼ਨ ਦੁਆ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੇਰੇ ਅਤੇ ਮੇਰੇ ਬੇਟੇ 'ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਅਸੀਂ ਸਿਵਲ ਹਸਪਤਾਲ 'ਚ ਜਾ ਕੇ ਇਲਾਜ ਕਰਵਾਉਂਦੇ ਹੋਏ ਐਮ.ਐਲ.ਆਰ. ਕਟਵਾਈ ਤੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ | ਉਨ੍ਹਾਂ ਦੱਸਿਆ ਕਿ ਦਕਸ਼ ਦੁਆ ਤੇ ਗੁਲਸ਼ਨ ਦੁਆ ਵਲੋਂ ਇਸ ਝਗੜੇ ਦੌਰਾਨ ਮੇਰੀ ਦਸਤਾਰ ਦਾ ਵੀ ਨਿਰਾਦਰ ਕੀਤਾ ਗਿਆ ਤੇ ਮੇਰੇ ਧਰਮ ਪ੍ਰਤੀ ਵੀ ਗੰਦੀ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਜਿਸ ਸੰਬੰਧੀ ਮੇਰੇ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੱਖ ਜਥੇਬੰਦੀਆਂਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ | ਡਾ. ਮਰਵਾਹਾ ਨੇ ਪੁਲਿਸ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਦਕਸ਼ ਦੁਆ ਤੇ ਉਸ ਦੇ ਭਰਾ ਗੁਲਸ਼ਨ ਦੁਆ ਸਮੇਤ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ |
ਕੀ ਕਹਿੰਦੇ ਹਨ ਦਕਸ਼ ਦੁਆ
ਮੈਰੀਟੋਨ ਹੋਟਲ ਦੇ ਮਾਲਕ ਦਕਸ਼ ਦੁਆ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਆਪਣਾ ਪੱਖ ਰੱਖਦੇ ਹੋਏ ਦੱਸਿਆ ਹੈ ਕਿ ਉਹ ਮੈਰੀਟੋਨ ਹੋਟਲ ਦਾ ਪਾਰਟਨਰ ਹੈ ਤੇ ਬੀਤੀ ਰਾਤ ਉਸ ਦੀ ਪੋਤਰੀ ਦਾ ਜਨਮ ਦਿਨ ਸੀ | ਬੀਤੀ ਰਾਤ ਕਰੀਬ 10 ਵਜੇ ਡਾ. ਪਰਮਜੀਤ ਸਿੰਘ ਮਰਵਾਹਾ ਤੇ ਉਸ ਦਾ ਲੜਕਾ ਸਿਮਰਨਜੀਤ ਸਿੰਘ ਮਰਵਾਹਾ ਤੇ ਉਸ ਦੇ ਨਾਲ ਕੁਝ ਅਣਪਛਾਤੇ ਵਿਅਕਤੀਆਂ ਨੇ ਸਾਡੇ ਚੱਲ ਰਹੇ ਸਮਾਗਮ 'ਚ ਮੇਰੇ ਪਰਿਵਾਰਕ ਮੈਂਬਰਾਂ ਤੇ ਔਰਤਾਂ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਅਸੀ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਕਤ ਲੋਕਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ | ਇਸ ਦੌਰਾਨ ਮੈਂ ਅਤੇ ਮੇਰੇ ਭਰਾ ਗੁਲਸ਼ਨ ਦੁਆ ਜ਼ਖ਼ਮੀ ਹੋ ਗਏ, ਜਿੰਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ |

ਪਿਛਲੀ ਖ਼ਬਰ ਮੀਟਿੰਗ ਦੌਰਾਨ 52 ਕਰੋੜ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ <br/> ਅਗਲੀ ਖ਼ਬਰ ਸਕੂਟਰੀ ਤੇ ਮੋਟਰਸਾਈਕਲ ਵਿਚਾਲੇ ਟੱਕਰ 'ਚ ਦੁਸਾਂਝ ਕਲਾਂ ਦੇ 2 ਵਿਦਿਆਰਥੀਆਂ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।