ਜਲੰਧਰ, 13 ਫਰਵਰੀ (ਚੰਦੀਪ ਭੱਲਾ)- ਸ਼ਹਿਰ ਭਰ 'ਚ ਲਾਵਾਰਸ ਕੁੱਤਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ ਨਗਰ ਨਿਗਮ ਲੋਕਾਂ ਨੂੰ ਇਨ੍ਹਾਂ ਤੋਂ ਹੋਣ ਵਾਲੀ ਪ੍ਰੇਸ਼ਾਨੀ ਦਾ ਹੱਲ ਕਰਨ ਦੀ ਥਾਂ ਹੱਥ 'ਤੇ ਹੱਥ ਰੱਖ ਕੇ ਬੈਠਾ ਹੈ | ਸਥਾਨਕ ਨਕੋਦਰ ਰੋਡ 'ਤੇ ਵਾਰਡ ਨੰਬਰ 40 ਅਧੀਨ ਆਉਂਦੇ ਦਿਓਲ ਨਗਰ ਅਤੇ ਨਿਊ ਦਿਓਲ ਨਗਰ 'ਚ ਵੀ ਲਾਵਾਰਸ ਕੁੱਤਿਆਂ ਦਾ ਡਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਕਰਕੇ ਇਲਾਕੇ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ ਤੇ ਲੋਕ ਆਪਣੇ ਬੱਚਿਆਂ ਨੂੰ ਬਾਹਰ ਗਲੀ 'ਚ ਖੇਡਣ ਤੇ ਇਕੱਲੇ ਸਕੂਲ ਭੇਜਣ ਨੂੰ ਵੀ ਡਰਦੇ ਹਨ ਖੇਡ ਨਾ ਸਕਣ ਕਰਕੇ ਬੱਚੇ ਵੀ ਚਿੜਚਿੜੇ ਸੁਭਾਅ ਦੇ ਹੋ ਰਹੇ ਹਨ | ਇਸ ਸੰਬੰਧੀ ਲੋਕ ਕਈ ਵਾਰ ਇਲਾਕੇ ਦੇ ਕੌਂਸਲਰ ਅਜੇ ਬੱਬਲ ਤੇ ਨਿਗਮ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕਰ ਚੁੱਕੇ ਹਨ ਤੇ ਇਸ ਪੇ੍ਰਸ਼ਾਨੀ ਦਾ ਹੱਲ ਕਰਵਾਉਣ ਲਈ ਕਹਿ ਚੁੱਕੇ ਹਨ | ਇਲਾਕੇ ਦੇ ਲੋਕਾਂ ਰਾਜੇਸ਼ ਕੁਮਾਰ, ਭਲਵਿੰਦਰ ਸਿੰਘ ਧਨੌਲਾ, ਅਰੋੜਾ ਜੀ, ਪ੍ਰਦੀਪ ਕੁਮਾਰ, ਵਿਜੇ ਕੁਮਾਰ, ਦੀਪਕ ਕੁਮਾਰ ਆਦਿ ਨੇ ਦੱਸਿਆ ਕਿ ਪਹਿਲਾਂ ਜਦੋਂ ਲਾਵਾਰਸ ਕੁੱਤਿਆਂ ਦੀ ਗਿਣਤੀ ਜ਼ਿਆਦਾ ਨਹੀਂ ਸੀ, ਉਹ ਬਿਨਾਂ ਕਿਸੇ ਡਰ ਤੋਂ ਸਾਈਕਲਿੰਗ ਅਤੇ ਸੈਰ ਕਰਦੇ ਸਨ ਪਰ ਜਦੋਂ ਦੀ ਲਾਵਾਰਸ ਕੁੱਤਿਆਂ ਦੀ ਗਿਣਤੀ ਵਧੀ ਹੈ ਤੇ ਲਾਵਾਰਸ ਕੁੱਤਿਆਂ ਵੱਲੋਂ ਇਲਾਕੇ ਦੇ ਕਈ ਲੋਕਾਂ ਨੂੰ ਵੱਡਿਆ ਗਿਆ ਉਸ ਦੇ ਡਰ ਤੋਂ ਲੋਕਾਂ ਨੇ ਸਾਈਕਲ ਚਲਾਉਣਾ ਤੇ ਸੈਰ ਕਰਨਾ ਵੀ ਛੱਡ ਦਿੱਤਾ ਹੈ | ਲੋਕਾਂ ਦਾ ਕਹਿਣਾ ਹੈ ਕਿ ਹੁਣ ਸਾਈਕਲ ਤੇ ਸੈਰ ਛੱਡਣ ਕਰਕੇ ਕਈ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਡਾਕਟਰਾਂ ਦੇ ਚੱਕਰ ਲਗਾਉਣ ਨੂੰ ਮਜਬੂਰ ਹਨ ਅਤੇ ਇਸ ਲਈ ਨਗਰ ਨਿਗਮ ਨੂੰ ਕੋਸ ਰਹੇ ਹਨ | ਲੋਕਾਂ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਵੀ ਇਸੇ ਪਾਸੇ ਸਖ਼ਤੀ ਕਰਨ ਲਈ ਕਿਹਾ ਗਿਆ ਹੈ ਪਰ ਇਸ ਦੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ ਤੇ ਸਿਵਾਏ ਨੰਬਰ ਜਾਰੀ ਕਰ ਕੇ ਸ਼ਿਕਾਇਤ ਕਰਵਾਉਣ ਲਈ ਕਿਹਾ ਜਾ ਹੈ ਜੇਕਰ ਸ਼ਿਕਾਇਤ ਕਰੋ ਵੀ ਤਾਂ ਇਸ 'ਤੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ | ਇਸੇ ਤਰ੍ਹਾਂ ਇਲਾਕੇ 'ਚ ਬੇਸਹਾਰਾ ਪਸ਼ੂ ਵੀ ਇਸੇ ਤਰ੍ਹਾਂ ਦੀ ਘੁੰਮਦੇ ਵੇਖੇ ਜਾ ਸਕਦੇ ਹਨ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਲਾਵਾਰਸ ਕੁੱਤਿਆਂ ਦਾ ਝੁੰਡ ਪੂਰੀ ਰਾਤ ਲੜਦਾ ਹੈ ਤੇ ਸ਼ੋਰ ਸ਼ਰਾਬੇ ਕਰਕੇ ਲੋਕਾਂ ਦੀ ਰਾਤ ਦੀ ਨੀਂਦ ਵੀ ਖ਼ਰਾਬ ਹੁੰਦੀ ਹੈ | ਇਸ ਤੋਂ ਇਲਾਵਾ ਇਨ੍ਹਾਂ ਦੇ ਡਰ ਤੋਂ ਰਾਤ ਵੇਲੇ ਇਲਾਕੇ ਦੇ ਲੋਕ ਕਿਸੇ ਸਮਾਰੋਹ ਤੋਂ ਵਾਪਸ ਆਉਣ ਵੇਲੇ ਵੀ ਡਰਦੇ ਹਨ | ਲੋਕਾਂ ਨੇ ਨਿਗਮ ਅਧਿਕਾਰੀਆਂ ਤੋਂ ਮੰਗ ਕਰਦੇ ਹੋਏ ਕਿ ਇਨ੍ਹਾਂ ਲਾਵਾਰਸ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ |