ਚੁਗਿੱਟੀ/ਜੰਡੂਸਿੰਘਾ, 13 ਫਰਵਰੀ (ਨਰਿੰਦਰ ਲਾਗੂ) - ਵਾਰਡ ਨੰਬਰ 74 ਅਧੀਨ ਆਉਂਦੇ ਮੁਹੱਲਿਆਂ ਦੇ ਵਸਨੀਕਾਂ ਦੀਆਂ ਤਮਾਮ ਮੁਸ਼ਕਲਾਂ ਦਾ ਜੰਗੀ ਪੱਧਰ 'ਤੇ ਹੱਲ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਅੱਜ ਕੌਂਸਲਰ ਰਵੀ ਕੁਮਾਰ ਵੱਲੋਂ ਕੀਤਾ ਗਿਆ | ਉਨ੍ਹਾਂ ਸ਼ੁੱਕਰਵਾਰ ਨੂੰ ਲੰਮਾ ਪਿੰਡ ਖੇਤਰ ਦੀਆਂ ਗਲੀਆਂ ਤੇ ਸੜਕਾਂ 'ਤੇ ਰੋਡ ਜਾਲੀਆਂ ਲਗਵਾਉਣ ਦੇ ਨਾਲ-ਨਾਲ ਕੁਝ ਦਿਨਾਂ ਤੋਂ ਬੰਦ ਪਏ ਸੀਵਰੇਜ ਨੂੰ ਖੁੱਲ੍ਹਵਾਇਆ | ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਉਨ੍ਹਾਂ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰੀ ਗੰਭੀਰਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਲੋੜਵੰਦ ਲੋਕਾਂ ਨੂੰ ਪੈਨਸ਼ਨ ਲਗਵਾਉਣ ਲਈ ਵੀ ਕਾਫ਼ੀ ਕੰਮ ਕੀਤਾ ਜਾ ਰਿਹਾ ਹੈ | ਇਸ ਦੌਰਾਨ ਭਾਜਪਾ ਦੇ ਸਰਗਰਮ ਆਗੂ ਕਿਰਨਦੀਪ ਸਿੰਘ ਰੰਧਾਵਾ ਨੇ ਆਖਿਆ ਕਿ ਉਕਤ ਵਾਰਡ 'ਚ ਪਿਛਲੇ ਦਿਨਾਂ ਦੌਰਾਨ ਕਈ ਥਾਵਾਂ 'ਤੇ ਸਟਰੀਟ ਲਾਈਟਾਂ ਲਗਵਾਈਆਂ ਗਈਆਂ | ਇਸ ਤੋਂ ਇਲਾਵਾ ਗਲੀਆਂ ਤੇ ਸੜਕਾਂ ਦੀ ਮੁਰੰਮਤ ਵੀ ਕਰਵਾਈ ਗਈ | ਇਸ ਮੌਕੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਲੰਮਾ ਪਿੰਡ ਦੇ ਪ੍ਰਧਾਨ ਜੋਗਾ ਸਿੰਘ, ਦਲਜੀਤ ਸਿੰਘ, ਮਨਜੀਤ ਸਿੰਘ, ਪ੍ਰਦੀਪ ਸਿੰਘ, ਸੰਦੀਪ ਸਿੰਘ, ਜਗਦੀਪ ਸਿੰਘ ਸਮੇਤ ਹੋਰ ਲੋਕਾਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ |