ਮਹਿਤਪੁਰ, 13 ਫਰਵਰੀ (ਲਖਵਿੰਦਰ ਸਿੰਘ)- ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਜੋ 7ਵੀਂ 'ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ 2025' ਕਰਵਾਈ ਗਈ ਸੀ ਜਿਸ 'ਚ ਭਾਗ ਲੈਣ ਵਾਲੇ ਚਾਰ ਸਕੂਲਾਂ ਦੇ ਛੇਵੀਂ ਤੋਂ ਬਾਰਵੀਂ ਤੱਕ ਦੇ ਹਰ ਕਲਾਸ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀ ਨੂੰ ਕਿਤਾਬਾਂ ਦੇ ਰੂਪ 'ਚ ਪੁਰਸਕਾਰ ਦਿੱਤਾ ਗਿਆ ਤੇ ਬਾਕੀ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ | ਏਕਮ ਪਬਲਿਕ ਸਕੂਲ ਮਹਿਤਪੁਰ 'ਚ ਹਰ ਕਲਾਸ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ 7 ਵਿਦਿਆਰਥੀਆਂ ਨੂੰ ਕਿਤਾਬਾਂ ਦੇ ਰੂਪ ਵਿਚ ਪੁਰਸਕਾਰ ਦਿੱਤਾ ਗਿਆ ਅਤੇ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਵੰਡੇ ਗਏ | ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੁਖੀ ਰਜਿੰਦਰ ਭਦੌੜ ਨੇ ਬੱਚਿਆਂ ਨੂੰ ਵੱਖ-ਵੱਖ ਪ੍ਰੇਰਕ ਪ੍ਰਸੰਗਾਂ ਰਾਹੀਂ ਵਿਗਿਆਨਿਕ ਸਿੱਖਿਆ ਨੂੰ ਹਾਸਿਲ ਕਰਨ ਲਈ ਉਤਸ਼ਾਹਿਤ ਕੀਤਾ | ਸਕੂਲ ਦੇ ਐਮ.ਡੀ. ਨਿਰਮਲ ਸਿੰਘ ਤੇ ਕੋ-ਆਰਡੀਨੇਟਰ ਸਵਪਨਦੀਪ ਕੌਰ ਸਮੇਤ ਸਾਰਾ ਸਟਾਫ਼ ਹਾਜ਼ਰ ਸੀ | ਇਸੇ ਤਰ੍ਹਾਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਹਿਤਪੁਰ ਦੀਆਂ 8 ਵਿਦਿਆਰਥਣਾ ਨੂੰ ਕਾਰਜਕਾਰੀ ਪਿ੍ੰਸੀਪਲ ਕੁਲਜੀਤ ਕੌਰ ਤੇ ਸ. ਕਰਨਜੀਤ ਸਿੰਘ ਲੈਕਚਰਾਰ ਦੀ ਅਗਵਾਈ ਹੇਠ ਕਿਤਾਬਾਂ ਦੇ ਰੂਪ ਵਿਚ ਪੁਰਸਕਾਰ ਦਿੱਤਾ ਗਿਆ ਤੇ ਬਾਕੀ 173 ਦੇ ਕਰੀਬ ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਵੰਡੇ ਗਏ | ਇਸੇ ਤਰ੍ਹਾਂ ਐਚ.ਪੀ. ਮਾਡਲ ਸੀਨੀਅਰ ਸਕੂਲ ਸੰਗੋਵਾਲ ਵਿਚ 7 ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਪੁਰਸਕਾਰ ਦਿੱਤੇ ਗਏ ਤੇ 116 ਦੇ ਕਰੀਬ ਵਿਦਿਆਰਥੀਆਂ ਨੂੰ ਪ੍ਰਤੀਭਾਗੀ ਸਰਟੀਫਿਕੇਟ ਵੰਡੇ ਗਏ | ਇਸ ਸਕੂਲ ਦੀ ਵਿਦਿਆਰਥਣ ਦੀਪਕਾ ਪਾਲ ਨੇ ਜ਼ੋਨ ਜਲੰਧਰ ਵਿਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ ਸੀ | ਇਸ ਮੌਕੇ ਸ. ਹਰਪ੍ਰੀਤ ਸਿੰਘ ਐਮ.ਡੀ. ਤੇ ਸਮੂਹ ਸਕੂਲ ਸਟਾਫ ਸਮੇਤ ਹਾਜ਼ਰ ਸਨ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ 'ਚ 6 ਵਿਦਿਆਰਥੀਆਂ ਨੂੰ ਲੈਕਚਰਾਰ ਸਤਿੰਦਰ ਕੌਰ ਦੀ ਰਹਿਨੁਮਾਈ ਹੇਠ ਪੁਰਸਕਾਰ ਦਿੱਤੇ ਗਏ ਤੇ ਬਾਕੀ 112 ਪ੍ਰਤਿਭਾਗੀਆਂ ਨੂੰ ਸਰਟੀਫੀਕੇਟ ਵੰਡੇ ਗਏ | ਇਹਨਾਂ ਚਾਰਾਂ ਸਕੂਲਾਂ ਵਿਚ ਲਗਭਗ 2000 ਵਿਦਿਆਰਥੀਆਂ ਨੇ ਰਜਿੰਦਰ ਭਦੌੜ ਨੂੰ ਬਹੁਤ ਹੀ ਇਕਾਗਰਤਾ ਤੇ ਪੂਰੀ ਦਿਲਚਸਪੀ ਨਾਲ ਸੁਣਿਆ | ਇਸ ਮੌਕੇ ਤਰਕਸ਼ੀਲ ਸੁਸਾਇਟੀ ਇਕਾਈ ਸ਼ਾਹਕੋਟ ਦੇ ਮੁਖੀ ਪਿ੍ੰਸੀਪਲ ਮਨਜੀਤ ਸਿੰਘ ਮਲਸੀਆਂ, ਪਾਲ ਬਾਗਪੁਰ ਮੈਂਬਰ ਸੰਪਾਦਕੀ ਬੋਰਡ ਤਰਕਸ਼ੀਲ ਮੈਗਜ਼ੀਨ ਤੇ ਅਮਨ ਬਾਗਪੁਰ ਵਲੋਂ ਮਿਤੀ 15 ਫਰਵਰੀ ਦਿਨ ਐਤਵਾਰ ਨੂੰ ਸ਼ਾਹਕੋਟ ਵਿਖੇ ਕਰਵਾਏ ਜਾ ਰਹੇ ਤਰਕਸ਼ੀਲ ਮੇਲੇ 'ਚ ਹਿੱਸਾ ਲੈਣ ਦਾ ਸਾਰਿਆਂ ਨੂੰ ਸੱਦਾ ਦਿੱਤਾ ਗਿਆ |