ਜਲੰਧਰ, 17 ਫਰਵਰੀ (ਸ਼ਿਵ)- ਸੈਨੇਟਰੀ ਸੁਪਰਵਾਈਜ਼ਰ ਇੰਪਲਾਈਜ਼ ਯੂਨੀਅਨ ਵਲੋਂ ਅੱਜ ਮੰਗਾਂ ਨੂੰ ਲੈ ਕੇ ਮੇਅਰ ਵਨੀਤ ਧੀਰ ਨੂੰ ਮੰਗ-ਪੱਤਰ ਦਿੱਤਾ ਗਿਆ ਤੇ ਇਸ ਮੌਕੇ ਕਮਿਸ਼ਨਰ ਸੰਦੀਪ ਰਿਸ਼ੀ ਵੀ ਮੌਜੂਦ ਸਨ | ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਨਗਰ ਨਿਗਮ ਵਲੋਂ ਸਫ਼ਾਈ ਲਈ ਲਗਾਇਆ ਗਿਆ 143 ਕਰੋੜ ਦੇ ਪ੍ਰਾਜੈਕਟ ਦਾ ਟੈਂਡਰ ਰੱਦ ਕਰਨ ਤੋਂ ਇਲਾਵਾ ਨਿਗਮ ਵਿਚ 1196 ਦਰਜਾ 4 ਕਰਮਚਾਰੀਆਂ ਦੀ ਪੱਕੀ ਭਰਤੀ ਤੋਂ ਰੋਸਟਰ ਸਿਸਟਮ ਖ਼ਤਮ ਕਰਨਾ, ਨਿਗਮ ਵਿਚ ਕਰੀਬ 15-20 ਸਾਲਾਂ ਤੋਂ ਕੰਮ ਕਰ ਰਹੇ ਮਾਲੀ, ਬੇਲਦਾਰਾਂ, ਫਿਟਰ ਕੁੱਲੀਆਂ ਨੂੰ ਨਗਰ ਨਿਗਮ ਜਲੰਧਰ ਤੋਂ ਪੱਕੀ ਭਰਤੀ ਵਿਚ ਸ਼ਾਮਿਲ ਕਰਨ ਸਬੰਧੀ ਉਨ੍ਹਾਂ ਦੀ ਉਮਰ ਅਤੇ ਪੜ੍ਹਾਈ ਵਿਚ ਛੋਟ ਦੇਣ- ਦੀ ਮੰਗ ਕੀਤੀ ਗਈ | ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਜੇਕਰ ਉਕਤ ਮੰਗਾਂ ਦੇ ਮਾਮਲੇ ਵਿਚ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਇਸ ਸੂਰਤ ਵਿਚ ਵਿਚ ਨਗਰ ਨਿਗਮ ਦੀਆਂ ਸਮੂਹ ਯੂਨੀਅਨਾਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ | ਇਸ ਵਿਚ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਨਿਗਮ ਦੀ ਹੋਵੇਗੀ | ਮੰਗ ਪੱਤਰ ਦੇਣ ਵਾਲਿਆਂ ਵਿਚ ਬੰਟੂ ਸਭਰਵਾਲ, ਸ਼ੰਮੀ ਲੂਥਰ, ਰਾਜਨ ਕਲਿਆਣ, ਹਿਤੇਸ਼ ਨਾਹਰ, ਸਿਕੰਦਰ ਖੋਸਲਾ ਤੇ ਹੋਰ ਹਾਜ਼ਰ ਸਨ |