ਨਕੋਦਰ, 17 ਫਰਵਰੀ (ਤਿਲਕਰਾਜ ਸ਼ਰਮਾ)-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਇਲਾਕੇ 'ਚ ਅਵਾਰਾ ਕੁੱਤਿਆਂ ਤੋਂ ਬਚਾਅ ਲਈ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ, ਸੁਖਵਿੰਦਰ ਸਿੰਘ ਮਰੋਕ ਨਿਸ਼ਕਾਮ ਸੇਵਾ ਸੁਸਾਇਟੀ ਨਕੋਦਰ, ਡਾਕਟਰ ਮਲਕੀਤ ਸਿੰਘ ਕਰਾਊਨ ਵੈਟਸ ਪ੍ਰਾਈਵੇਟ ਸ਼ੈਲਟਰ ਸੁਸਾਇਟੀ ਨਕੋਦਰ, ਈ.ਓ. ਰਣਧੀਰ ਸਿੰਘ ਅਤੇ ਉਪ ਮੰਡਲ ਮੈਜਿਸਟਰੇਟ ਨਕੋਦਰ ਦਫਤਰ ਵਲੋਂ ਸਮਾਜ 'ਚ ਹਰ ਆਮ ਅਤੇ ਖਾਸ ਵਿਅਕਤੀ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਅਵਾਰਾ ਕੁੱਤਿਆਂ ਤੋਂ ਬਚਾਅ ਲਈ ਇਕ ਸਾਂਝਾ ਉਪਰਾਲਾ ਕੀਤਾ ਗਿਆ | ਇਸ ਦਾ ਮੁੱਖ ਮੰਤਵ ਸਮਾਜ 'ਚ ਰਹਿ ਰਹੇ ਲੋਕਾਂ ਲਈ ਇਕ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ ਸੀ | ਇਸ ਮੌਕੇ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਅਤੇ ਡੋਗ ਕੈਚਿੰਗ ਨਿਯਮਾਂ ਅਧੀਨ ਕਈ ਤਰ੍ਹਾਂ ਦੇ ਸੁਝਾਅ ਪੇਸ਼ ਕੀਤੇ ਗਏ | ਇਸ ਮੁਹਿੰਮ ਦੇ ਪਹਿਲੇ ਦਿਨ 8 ਅਵਾਰਾ ਕੁੱਤਿਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਸਥਾਨ 'ਤੇ ਲਿਜਾਇਆ ਗਿਆ | ਤਾਂ ਜੋ ਇਨ੍ਹਾਂ ਦੀ ਫੀਡ ਅਤੇ ਮੈਡੀਕਲ ਸਹੂਲਤਾਂ ਦਾ ਧਿਆਨ ਰੱਖਿਆ ਜਾ ਸਕੇ | ਅਵਾਰਾ ਕੁੱਤਿਆਂ ਕਾਰਨ ਹੋ ਰਹੇ ਹਾਦਸਿਆਂ ਤੋਂ ਸੁਰੱਖਿਅਤ ਵਾਤਾਵਰਨ ਦੇਣਾ ਇਸ ਮੁਹਿੰਮ ਦਾ ਉਦੇਸ਼ ਹੈ | ਇਸ ਮੌਕੇ 'ਤੇ ਐਸ.ਡੀ.ਐਮ. ਨਕੋਦਰ ਵਲੋਂ ਕਿਹਾ ਕਿ ਭਵਿੱਖ 'ਚ ਵੀ ਇਹੋ ਜਿਹੇ ਉਪਰਾਲੇ ਕੀਤੇ ਜਾਣਗੇ ਜਿਸ ਰਾਹੀਂ ਅਵਾਰਾ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ 'ਤੇ ਤਬਦੀਲ ਕੀਤਾ ਜਾਵੇਗਾ |