ਜੰਡਿਆਲਾ ਮੰਜਕੀ, 18 ਫਰਵਰੀ (ਸੁਰਜੀਤ ਸਿੰਘ ਜੰਡਿਆਲਾ)- ਡੇਅਰੀ ਕੰਪਲੈਕਸ ਜਮਸ਼ੇਰ ਖਾਸ-ਫੋਲੜੀਵਾਲ ਵਿਚਕਾਰ ਬਣ ਰਹੇ ਹਾਈਵੇਅ ਨੇੜੇ ਹੋਏ ਇੱਕ ਪੁਲਿਸ ਮੁਕਾਬਲੇ ਦੌਰਾਨ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਕੌਸ਼ਲ ਚੌਧਰੀ ਤੇ ਬੰਬੀਹਾ ਗਰੁੱਪ ਦੇ ਇੱਕ ਸ਼ੂਟਰ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਗੈਂਗਸਟਰ ਵੱਲੋਂ ਕੀਤੀ ਗਈ ਗੋਲੀਬਾਰੀ ਤੋਂ ਬਾਅਦ ਪੁਲਿਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ 'ਚ ਦੋਸ਼ੀ ਦੀ ਲੱਤ ਵਿਚ ਗੋਲੀ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ | ਉਕਤ ਮੁਕਾਬਲੇ ਵਾਲੀ ਥਾਂ 'ਤੇ ਕਮਿਸ਼ਨਰੇਟ ਪੁਲਿਸ ਦੇ ਅਧਿਕਾਰੀ ਤੁਰੰਤ ਮੌਕੇ 'ਤੇ ਪੁੱਜੇ | ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਨਰਿੰਦਰ ਉਰਫ਼ ਆਕਾਸ਼ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਹ ਭੱਜ ਗਿਆ | ਪੁਲਿਸ ਪਾਰਟੀ ਵੱਲੋਂ ਦੋਸ਼ੀ ਦਾ ਪਿੱਛਾ ਕਰਨ ਦੌਰਾਨ ਉਸ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ ਜਿਸ ਕਾਰਨ ਪੁਲਿਸ ਨੂੰ ਜਵਾਬੀ ਗੋਲੀਬਾਰੀ ਕਰਨੀ ਪਈ | ਘਟਨਾ ਦੌਰਾਨ ਦੋਸ਼ੀ ਸੜਕ 'ਤੇ ਫਿਸਲ ਕੇ ਡਿਗ ਪਿਆ ਤੇ ਜ਼ਖਮੀ ਹੋ ਗਿਆ | ਉਸ ਨੰੂ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਯੂਰਪ ਬੈਠੇ ਆਕਾ ਨਾਲ ਰਾਬਤਾ ਕਰ ਕੇ ਫਿਰੌਤੀ, ਨਜਾਇਜ਼ ਹਥਿਆਰਾਂ ਤੇ ਸੁਪਾਰੀ ਲੈ ਕੇ ਲੋਕਾਂ ਦੇ ਕਤਲ ਦੀਆਂ ਵਾਰਦਾਤਾਂ ਕਰਦਾ ਹੈ | ਪੁਲਿਸ ਪਾਰਟੀ ਦੀ ਡਿਊਟੀ ਵਿਚ ਵਿਘਨ ਪਾਉਣ ਤੇ ਪੁਲਿਸ ਪਾਰਟੀ ਉੱਪਰ ਮਾਰ ਦੇਣ ਦੀ ਨੀਅਤ ਨਾਲ ਫਾਇਰਿੰਗ ਕਰਨ ਕਰ ਕੇ ਉਸ ਖ਼ਿਲਾਫ਼ ਥਾਣਾ ਸਦਰ ਜਲੰਧਰ ਵਿਚ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਨੰਬਰ 42 ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਪਹਿਲਾਂ ਵੀ ਉਹ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ | ਉਸ ਖ਼ਿਲਾਫ਼ ਖਰੜ ਤੇ ਲੁਧਿਆਣਾ ਤੋਂ ਇਲਾਵਾ ਗੁਰਾਇਆ ਵਿਚ ਵੀ ਦੋ ਮੁਕੱਦਮੇ ਦਰਜ ਹਨ | ਕਾਬੂ ਕੀਤੇ ਦੋਸ਼ੀ ਕੋਲੋਂ ਇੱਕ ਪਿਸਟਲ 32 ਬੋਰ ਸਮੇਤ ਦੋ ਜਿੰਦਾ ਰੌਂਦ, ਇੱਕ ਮੋਟਰ ਸਾਈਕਲ ਮਾਰਕਾ ਪਲੈਟੀਨਾ ਬਿਨਾਂ ਨੰਬਰੀ ਬਰਾਮਦ ਕੀਤੇ ਗਏ ਹਨ | ਉਨ੍ਹਾਂ ਦੱਸਿਆ ਪੁਲਿਸ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਕਈ ਅਪਰਾਧਾਂ ਵਿਚ ਸ਼ਾਮਲ ਦੋਸ਼ੀ ਜਲੰਧਰ ਦੇ ਫੋਲੜੀਵਾਲ ਇਲਾਕੇ ਵਿਚ ਲੁਕਿਆ ਹੋਇਆ ਹੈ | ਸੂਚਨਾ ਦੇ ਆਧਾਰ 'ਤੇ ਸੀ.ਆਈ.ਏ. ਸਟਾਫ਼ ਦੇ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਜਦੋਂ ਦੋਸ਼ੀ ਨੂੰ ਘੇਰਨ ਤੇ ਫੜਨ ਦੀ ਕੋਸ਼ਿਸ਼ ਕੀਤੀ ਤਾਂ ਆਤਮ ਸਮਰਪਣ ਕਰਨ ਦੀ ਬਜਾਏ ਉਸ ਨੇ ਪੁਲਿਸ ਤੇ ਗੋਲੀਬਾਰੀ ਕਰ ਦਿੱਤੀ | ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਕਰ ਕੇ ਸ਼ੂਟਰ ਦੀ ਲੱਤ ਵਿਚ ਗੋਲੀ ਲੱਗ ਗਈ | ਮੁੱਠਭੇੜ ਵਿਚ ਜ਼ਖਮੀ ਮੁਲਜ਼ਮ ਦੀ ਪਹਿਚਾਣ ਨਰਿੰਦਰ ਧੀਰ ਉਰਫ਼ ਆਕਾਸ਼ ਪੁੱਤਰ ਸੋਡੀ ਰਾਮ ਵਾਸੀ ਪਿੰਡ ਗੜੀ ਅਜੀਤ ਸਿੰਘ ਥਾਣਾ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਜੋਂ ਹੋਈ ਹੈ | ਪੁਲਿਸ ਵੱਲੋਂ ਉਸ ਨੰੂ ਹਿਰਾਸਤ ਵਿਚ ਲੈ ਕੇ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ |