ਜਲੰਧਰ, 19 ਫਰਵਰੀ (ਹਰਵਿੰਦਰ ਸਿੰਘ ਫੁੱਲ)- ਸ਼ਹਿਰ ਵਿਚ ਬਾਲ ਭਿਖਿਆ ਦੀ ਸਮੱਸਿਆ ਦੇ ਖ਼ਾਤਮੇ ਲਈ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਬਾਲ ਭਿਖਿਆ ਨੂੰ ਰੋਕਣ ਤੇ ਇਸ ਵਿਚ ਸ਼ਾਮਲ ਬੱਚਿਆਂ ਦੇ ਮੁੜ ਵਸੇਬੇ ਲਈ ਸੰਵੇਦਨਸ਼ੀਲ ਤੇ ਠੋਸ ਯਤਨ ਕਰਨ 'ਤੇ ਜ਼ੋਰ ਦਿੱਤਾ | ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰਾਜੈਕਟ ਜੀਵਨਜੋਤ 2.0 ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਲ ਭਿਖਿਆ ਸਿਰਫ਼ ਕਾਨੂੰਨੀ ਮਸਲਾ ਨਹੀਂ ਹੈ, ਸਗੋਂ ਸਮਾਜਿਕ ਤੇ ਮਨੁੱਖੀ ਪੱਖ ਤੋਂ ਵੀ ਗੰਭੀਰ ਚੁਨੌਤੀ ਹੈ | ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮੱਸਿਆ ਦੇ ਹੱਲ ਲਈ ਬਾਲ ਭਿੱਖਿਆ ਵਿਚ ਸ਼ਾਮਲ ਵਿਅਕਤੀਆਂ 'ਤੇ ਸਖ਼ਤ ਕਾਰਵਾਈ ਕਰਨ ਦੇ ਨਾਲ-ਨਾਲ ਬਾਲ ਭਿੱਖਿਆ ਵਿਚ ਸ਼ਾਮਲ ਬੱਚਿਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਸੁਰੱਖਿਆ, ਸਹੀ ਸੰਭਾਲ, ਕਾਊਾਸਲਿੰਗ ਤੇ ਪੜ੍ਹਾਈ ਲਈ ਢੁਕਵੇਂ ਉਪਰਾਲੇ ਯਕੀਨੀ ਬਣਾਏ ਜਾਣ ਤਾਂ ਜੋ ਉਨ੍ਹਾਂ ਨੂੰ ਚੰਗਾ ਭਵਿੱਖ ਦਿੱਤਾ ਜਾ ਸਕੇ | ਡਾ. ਅਗਰਵਾਲ ਨੇ ਅਜਿਹੇ ਬੱਚਿਆਂ ਦੇ ਮਾਪਿਆਂ ਦੇ ਮੁੜ ਵਸੇਬੇ 'ਤੇ ਵੀ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਹੁਨਰ ਸਿਖਲਾਈ ਆਦਿ ਮੁਹੱਈਆ ਕਰਵਾਈ ਜਾਵੇ ਤਾਂ ਜੋ ਉਹ ਆਪਣੀ ਆਰਥਿਕ ਹਾਲਤ ਸੁਧਾਰ ਸਕਣ ਤੇ ਬੱਚਿਆਂ ਨੂੰ ਭੀਖ ਮੰਗਣ ਵੱਲ ਧੱਕਣ ਦੀ ਮਜਬੂਰੀ ਖ਼ਤਮ ਹੋ ਸਕੇ | ਉਨ੍ਹਾਂ ਇਲਾਕਾ-ਵਾਈਜ਼ ਚੈਕਿੰਗ ਮੁਹਿੰਮ ਚਲਾਉਣ ਤੇ ਇਸ ਨੂੰ ਲਗਾਤਾਰ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਤਾਂ ਜੋ ਸ਼ਹਿਰ ਨੂੰ ਬਾਲ ਭਿੱਖਿਆ ਤੋਂ ਪੂਰੀ ਤਰ੍ਹਾਂ ਮੁਕਤ ਕੀਤਾ ਜਾ ਸਕੇ | ਉਨ੍ਹਾਂ ਸ਼ੱਕੀ ਮਾਮਲਿਆਂ 'ਚ ਡੀ.ਐਨ.ਏ. ਟੈੱਸਟ ਕਰਵਾਉਣ ਦੀ ਹਦਾਇਤ ਵੀ ਕੀਤੀ ਤਾਂ ਜੋ ਬੱਚਿਆਂ ਦੀ ਪਛਾਣ ਤੇ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੁਵੇਨਾਇਲ ਜਸਟਿਸ ਐਕਟ, 2015 ਦੀ ਧਾਰਾ 76 ਅਨੁਸਾਰ ਬੱਚਿਆਂ ਨੂੰ ਭਿੱਖਿਆ ਵਿਚ ਵਰਤਣ ਵਾਲਿਆਂ ਨੂੰ ਸਖ਼ਤ ਸਜ਼ਾ ਹੋ ਸਕਦੀ ਹੈ | ਜੇਕਰ ਕਿਸੇ ਵਿਅਕਤੀ ਵੱਲੋਂ ਬੱਚੇ ਨੂੰ ਭਿੱਖਿਆ ਵਿਚ ਵਰਤਣ ਲਈ ਉਸ ਦੇ ਅੰਗ ਕੱਟੇ ਜਾਂਦੇ ਹਨ ਤਾਂ ਉਸ ਵਿਅਕਤੀ ਨੂੰ 7 ਤੋਂ 10 ਸਾਲ ਤੱਕ ਦੀ ਸਜ਼ਾ ਤੇ 5 ਲੱਖ ਰੁਪਏ ਦਾ ਜੁਰਮਾਨਾ ਹੋ ਸਕਦਾ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਲ ਭਿਖਿਆ ਰੋਕਣ ਲਈ ਸਮਾਜਿਕ ਜਾਗਰੂਕਤਾ ਬਹੁਤ ਜ਼ਰੂਰੀ ਹੈ | ਉਨ੍ਹਾਂ ਅਧਿਕਾਰੀਆਂ ਨੂੰ ਇਸ ਸੰਬੰਧੀ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਪ੍ਰਮੁੱਖ ਥਾਵਾਂ 'ਤੇ ਜਾਗਰੂਕਤਾ ਫਲੈਕਸ ਅਤੇ ਬੈਨਰ ਲਗਾਉਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਅਪੀਲ ਕੀਤੀ ਕਿ ਬਾਲ ਭਿਖਿਆ ਵਿਚ ਫਸੇ ਬੱਚੇ ਜਾਂ ਉਨ੍ਹਾਂ ਦੇ ਮਾਪੇ ਮਦਦ ਲਈ ਚਾਈਲਡ ਹੈਲਪ ਲਾਈਨ ਨੰਬਰ 1098 'ਤੇ ਸੰਪਰਕ ਕਰ ਸਕਦੇ ਹਨ ਜਾਂ ਵਟਸਐਪ ਨੰਬਰ 9646222555 'ਤੇ ਮੈਸੇਜ ਭੇਜਿਆ ਜਾ ਸਕਦਾ ਹੈ | ਉਨ੍ਹਾਂ ਪੁਲਿਸ ਵਿਭਾਗ ਨੂੰ ਬਾਲ ਭਿੱਖਿਆ ਰੋਕੂ ਟਾਸਕ ਫੋਰਸ ਨੂੰ ਛਾਪੇਮਾਰੀ ਦੌਰਾਨ ਤੇ ਰੈਸਕਿਊ ਕੀਤੇ ਬੱਚਿਆਂ ਨੂੰ ਲੋੜੀਂਦੀ ਪ੍ਰਕਿਰਿਆ ਮੁਕੰਮਲ ਕਰਨ ਉਪਰੰਤ ਆਪਣੇ ਸਬੰਧਿਤ ਰਾਜਾਂ 'ਚ ਭੇਜਣ ਮੌਕੇ ਲੋੜੀਂਦੀ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ | ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਜੈ ਭਾਰਤੀ, ਡਾ. ਰਾਕੇਸ਼ ਚੋਪੜਾ ਆਦਿ ਮੌਜੂਦ ਸਨ |