ਤਿੰਨ ਨਾਬਾਲਗਾਂ ਦੇ ਯੂ.ਪੀ. ਤੋਂ ਬਰਾਮਦ ਹੋਣ ਮਗਰੋਂ ਨੂਰਪੁਰ ਕਾਲੋਨੀ ਤੋਂ ਦੋ ਹੋਰ ਲੜਕੀਆਂ ਲਾਪਤਾ
ਅਜੀਤ ਡੈਸਕ
28-02-2026
ਮਕਸੂਦਾਂ 27 ਫਰਵਰੀ (ਸÏਰਵ ਮਹਿਤਾ) - ਬੀਤੇ ਦਿਨੀਂ ਸੁੰਦਰ ਨਗਰ ਇਲਾਕੇ ਤੋਂ ਲਾਪਤਾ ਹੋਈਆਂ ਤਿੰਨ ਨਾਬਾਲਗ ਲੜਕੀਆਂ ਨੂੰ ਪੁਲਿਸ ਵੱਲੋਂ ਉੱਤਰ ਪ੍ਰਦੇਸ਼ ਤੋਂ ਸਹੀ ਸਲਾਮਤ ਬਰਾਮਦ ਕਰਕੇ ਵਾਪਸ ਲਿਆਂਦਾ ਜਾ ਰਿਹਾ ਸੀ ਕਿ ਇਸ ਦੌਰਾਨ ਸੁੰਦਰ ਨਗਰ ਦੇ ਨੇੜਲੇ ਇਲਾਕੇ ਨੂਰਪੁਰ ਕਾਲੋਨੀ ਤੋਂ ਦੋ ਹੋਰ 15-15 ਸਾਲਾ ਨਾਬਾਲਗ ਲੜਕੀਆਂ ਦੇ ਗੁਮਸ਼ੁਦਾ ਹੋਣ ਦੀ ਘਟਨਾ ਸਾਹਮਣੇ ਆ ਗਈ | ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ | ਜਾਣਕਾਰੀ ਮੁਤਾਬਿਕ ਸੁੰਦਰ ਨਗਰ ਤੋਂ ਲਾਪਤਾ ਹੋਈਆਂ ਤਿੰਨ ਲੜਕੀਆਂ ਨੂੰ ਉੱਤਰ ਪ੍ਰਦੇਸ਼ ਦੀ ਜੀ.ਆਰ.ਪੀ. ਪੁਲਿਸ ਨੇ ਬਲੀਆ ਇਲਾਕੇ ਵਿੱਚ ਟ੍ਰੇਸ ਕਰਕੇ ਜਲੰਧਰ ਪੁਲਿਸ ਨੂੰ ਸੂਚਿਤ ਕੀਤਾ ਸੀ | ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 8 ਦੇ ਮੁਖੀ ਸਾਹਿਲ ਚÏਧਰੀ ਨੇ ਦੱਸਿਆ ਕਿ ਪੁਲਿਸ ਟੀਮ ਪਰਿਵਾਰਕ ਮੈਂਬਰਾਂ ਸਮੇਤ ਉੱਤਰ ਪ੍ਰਦੇਸ਼ ਭੇਜੀ ਗਈ ਸੀ ਤੇ ਤਿੰਨਾਂ ਲੜਕੀਆਂ ਨੂੰ ਬਰਾਮਦ ਕਰਕੇ ਵਾਪਸ ਲਿਆਂਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਨੂੰ ਟੀਮ ਯੂ.ਪੀ. ਤੋਂ ਰਵਾਨਾ ਹੋ ਚੁੱਕੀ ਹੈ ਤੇ ਸਨਿਚਰਵਾਰ ਤੱਕ ਜਲੰਧਰ ਪਹੁੰਚਣ ਦੀ ਸੰਭਾਵਨਾ ਹੈ | ਤਿੰਨਾਂ ਲੜਕੀਆਂ ਤੋਂ ਪੁੱਛਗਿੱਛ ਤੋਂ ਬਾਅਦ ਹੀ ਇਹ ਸਪਸ਼ਟ ਹੋ ਸਕੇਗਾ ਕਿ ਉਹ ਕਿਹੜੇ ਹਾਲਾਤ ਵਿੱਚ ਉੱਤਰ ਪ੍ਰਦੇਸ਼ ਤੱਕ ਪਹੁੰਚੀਆਂ | ਇਸੇ ਦਰਮਿਆਨ ਨੂਰਪੁਰ ਕਾਲੋਨੀ ਤੋਂ ਦੋ ਨਾਬਾਲਗ ਲੜਕੀਆਂ ਦੇ ਲਾਪਤਾ ਹੋਣ ਦੀ ਖ਼ਬਰ ਨੇ ਪੁਲਿਸ ਪ੍ਰਸ਼ਾਸਨ ਨੂੰ ਫਿਰ ਸਚੇਤ ਕਰ ਦਿੱਤਾ ਹੈ | ਜਾਣਕਾਰੀ ਮੁਤਾਬਕ ਦੋਵੇਂ ਲੜਕੀਆਂ ਸ਼ੁੱਕਰਵਾਰ ਸਵੇਰੇ ਘਰੋਂ ਸਕੂਲ ਜਾਣ ਲਈ ਨਿਕਲੀਆਂ ਸਨ ਪਰ ਦੁਪਹਿਰ ਬਾਅਦ ਵੀ ਘਰ ਵਾਪਸ ਨਾ ਆਈਆਂ | ਪਰਿਵਾਰਕ ਮੈਂਬਰਾਂ ਵੱਲੋਂ ਆਪਣੇ ਪੱਧਰ 'ਤੇ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਕੋਲ ਤਲਾਸ਼ ਕਰਨ ਦੇ ਬਾਵਜੂਦ ਕੋਈ ਪਤਾ ਨਾ ਲੱਗਣ 'ਤੇ ਸ਼ਾਮ ਵੇਲੇ ਪੁਲਿਸ ਨੂੰ ਸੂਚਨਾ ਦਿੱਤੀ ਗਈ | ਸੂਚਨਾ ਮਿਲਣ ਉਪਰੰਤ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ | ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ | ਪੁਲਿਸ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਜਲਦ ਹੀ ਲਾਪਤਾ ਲੜਕੀਆਂ ਨੂੰ ਟ੍ਰੇਸ ਕਰਕੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ |