ਮਕਸੂਦਾਂ 27 ਫਰਵਰੀ (ਸੌਰਵ ਮਹਿਤਾ) - ਨੰਦਨਪੁਰ ਰੋਡ 'ਤੇ ਸਥਿਤ ਕਮਲ ਟੂਰ ਐਂਡ ਟ੍ਰੈਵਲ ਤੇ ਪ੍ਰਾਪਰਟੀ ਦੇ ਦਫ਼ਤਰ ਵਿੱਚ ਦਿਨ ਦਿਹਾੜੇ ਹਥਿਆਰਾਂ ਦੇ ਜ਼ੋਰ 'ਤੇ 600 ਯੂਰੋ ਲੁੱਟ ਕੇ ਦੋ ਨੌਜਵਾਨ ਫਰਾਰ ਹੋ ਗਏ | ਘਟਨਾ ਦਾ ਸ਼ਿਕਾਰ ਬਣੇ ਸਾਬਕਾ ਫੌਜੀ ਤਜਿੰਦਰ ਸਿੰਘ ਨੇ ਦਲੇਰੀ ਦਿਖਾਈ ਪਰ ਹਥਿਆਰਬੰਦ ਲੁਟੇਰੇ ਆਪਣੇ ਮਨਸੂਬੇ ਵਿੱਚ ਕਾਮਯਾਬ ਰਹੇ | ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੁਪਹਿਰ ਕਰੀਬ 2:54 ਵਜੇ ਇੱਕ ਨੌਜਵਾਨ ਦੁਕਾਨ 'ਚ ਦਾਖ਼ਲ ਹੋਇਆ | ਉਸ ਨੇ ਪੈਰੀ ਪੈਨਾ ਕਰਦੇ ਹੋਏ ਕਿਹਾ ਕਿ ਉਸ ਦਾ ਯੂਰਪ ਦਾ ਵੀਜ਼ਾ ਲੱਗ ਗਿਆ ਹੈ ਅਤੇ ਉਸਨੂੰ ਤੁਰੰਤ 600 ਯੂਰੋ ਦੀ ਲੋੜ ਹੈ | ਉਸ ਨੇ ਸਕੈਨਰ ਰਾਹੀਂ ਭੁਗਤਾਨ ਕਰਨ ਦੀ ਗੱਲ ਕੀਤੀ | ਤਜਿੰਦਰ ਸਿੰਘ ਨੇ ਟ੍ਰਾਂਸਫਰ ਦਾ ਮੈਸੇਜ ਨਾ ਆਉਣ ਦੇ ਬਾਵਜੂਦ ਯੂਰੋ ਗਿਣ ਕੇ ਮੇਜ਼ 'ਤੇ ਰੱਖ ਦਿੱਤੇ | ਜਦੋਂ ਉਸਨੇ ਨਕਦ ਭੁਗਤਾਨ ਦੀ ਮੰਗ ਕੀਤੀ ਤਾਂ ਨੌਜਵਾਨ ਨੇ ਅਚਾਨਕ ਪਿਸਤੌਲ ਕੱਢ ਲਈ, ਜਿਵੇਂ ਹੀ ਲੁਟੇਰੇ ਨੇ ਮੇਜ਼ 'ਤੇ ਪਏ ਯੂਰੋ ਚੁੱਕਣ ਲਈ ਪਿਸਤੌਲ ਥੱਲੇ ਕੀਤੀ, ਸਾਬਕਾ ਫ਼ੌਜੀ ਨੇ ਹਿੰਮਤ ਕਰਦੇ ਹੋਏ ਲੁਟੇਰੇ ਨੂੰ ਕਾਬੂ ਕਰ ਲਿਆ ਤੇ ਪਿਸਤੌਲ ਖੋਹ ਲਈ ਲਈ | ਹੱਥੋਪਾਈ ਦੇ ਬਾਵਜੂਦ ਲੁਟੇਰਾ ਦਰਵਾਜ਼ਾ ਖੋਲ੍ਹ ਕੇ ਬਾਹਰ ਭੱਜ ਨਿਕਲਿਆ ਜਿੱਥੇ ਉਸ ਦਾ ਸਾਥੀ ਪਹਿਲਾਂ ਹੀ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਸੀ, ਦੋਵੇਂ 600 ਯੂਰੋ ਲੈ ਕੇ ਮੌਕੇ ਤੋਂ ਫਰਾਰ ਹੋ ਗਏ | ਤਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪਿਸਤੌਲ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਗੋਲੀ ਨਾ ਚੱਲੀ | ਤਜਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੇ ਕਈ ਵਾਰ ਪੁਲਿਸ ਨੂੰ ਫੋਨ ਕੀਤਾ ਪਰ ਕਿਸੇ ਨੇ ਕਾਲ ਰਸੀਵ ਨਾ ਕੀਤੀ | ਬਾਅਦ ਵਿੱਚ ਇੱਕ ਜਾਣਕਾਰ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚਿਆ ਤੇ ਥਾਣਾ ਇੱਕ ਦੀ ਪੁਲਿਸ ਨੂੰ ਸੂਚਿਤ ਕੀਤਾ | ਇਸ ਉਪਰੰਤ ਡੀ.ਐਸ.ਪੀ. ਉੱਤਰੀ ਅਸ਼ੋਕ ਮੀਣਾ ਤੇ ਥਾਣਾ ਇੱਕ ਦੇ ਇੰਚਾਰਜ ਰਾਕੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਥਾਣਾ ਮੁਖੀ ਰਾਕੇਸ਼ ਕੁਮਾਰ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕਰ ਲਿਆ ਜਾਵੇਗਾ |