ਜਲੰਧਰ, 27 ਫਰਵਰੀ (ਸ਼ਿਵ)-ਸ਼ਹਿਰ ਵਿਚ ਉਂਝ ਆਦਮਪੁਰ ਤੋਂ ਨਹਿਰ ਦਾ ਪਾਣੀ ਪਾਈਪਾਂ ਨਾਲ ਲਿਆ ਕੇ ਸ਼ਹਿਰੀਆਂ ਨੂੰ ਸਪਲਾਈ ਕੀਤਾ ਜਾਣਾ ਹੈ ਪਰ ਇਸ ਦੇ ਤਹਿਤ ਪਾਈਪਾਂ ਪਾਉਣ ਲਈ ਕਈ ਥਾਵਾਂ 'ਤੇ ਸੜਕਾਂ ਪੁੱਟੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਲੰਬੇ ਸਮੇਂ ਤੱਕ ਠੀਕ ਨਾ ਕਰਨ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸੇ ਤਰ੍ਹਾਂ ਨਾਲ ਬਸਤੀ ਦਾਨਿਸ਼ਮੰਦਾਂ ਦੀ ਮੁੱਖ ਸੜਕ ਦੇ ਵੀ ਕਈ ਵਾਰ ਪੁੱਟੇ ਜਾਣ ਕਰਕੇ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਸੜਕਾਂ ਦੇ ਟੁੱਟਣ ਕਾਰਨ ਲੋਕਾਂ ਨੂੰ ਬਹੁਤ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਵੋਟਾਂ ਵੇਲੇ ਤਾਂ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕਰਨ ਦਾ ਭਰੋਸਾ ਦਿੱਤਾ ਜਾਂਦਾ ਹੈ ਪਰ ਵੋਟਾਂ ਤੋਂ ਬਾਅਦ ਜਿਵੇਂ ਸਮੱਸਿਆਵਾਂ ਨੂੰ ਅਣਦੇਖਾ ਕੀਤਾ ਜਾਂਦਾ ਹੈ | ਐਨੇ ਸਾਲਾਂ ਤੋਂ ਬਸਤੀ ਦਾਨਿਸ਼ਮੰਦਾਂ ਦੀ ਮੁੱਖ ਸੜਕ ਹੀ ਨਹੀਂ ਬਣ ਰਹੀ ਹੈ ਤਾਂ ਬਾਕੀ ਸ਼ਹਿਰ ਦਾ ਕੀ ਹਾਲ ਹੋਵੇਗਾ | ਰਾਧਾ ਸਵਾਮੀ ਡੇਰੇ ਤੋਂ ਲੈ ਕੇ ਕੜ੍ਹੀ ਵਾਲੇ ਚੌਕ ਤੱਕ ਸੜਕ ਦੀ ਹਾਲਤ ਬਹੁਤ ਹੀ ਜ਼ਿਆਦਾ ਖ਼ਰਾਬ ਹੈ | ਲੋਕਾਂ ਦਾ ਕਹਿਣਾ ਸੀ ਕਿ ਇਸ ਸੜਕ ਤੋਂ ਲੰਘਣ ਲਈ ਲੋਕ ਕਈ ਵਾਰ ਡਿਗ ਚੁੱਕੇ ਹਨ | ਸੜਕ ਵਿਚ ਐਨੇ ਜ਼ਿਆਦਾ ਟੋਏ ਹਨ ਕਿ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਬੱਚਿਆਂ ਤੇ ਮਹਿਲਾਵਾਂ ਨੂੰ ਕਾਫੀ ਪੇ੍ਰਸ਼ਾਨੀ ਆਉਂਦੀ ਹੈ | ਜਦੋਂ ਇਸ ਥਾਂ 'ਤੇ ਸੀਵਰੇਜ ਵੀ ਲੀਕ ਹੋ ਜਾਂਦਾ ਹੈ ਤਾਂ ਐਨਾ ਜ਼ਿਆਦਾ ਚਿੱਕੜ ਹੋ ਜਾਂਦਾ ਹੈ ਕਿ ਲੋਕ ਕਿਸ ਤਰ੍ਹਾਂ ਨਾਲ ਨਿਕਲਦੇ ਹੋਣਗੇ, ਇਸ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਲੋਕ ਚਿੱਕੜ 'ਚ ਤਿਲਕ-ਤਿਲਕ ਕੇ ਡਿੱਗਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਵੱਡਾ ਹਾਦਸਾ ਵਾਪਰਦਾ ਹੈ ਤਾਂ ਉਸ ਲਈ ਕੌਣ ਜ਼ਿੰਮੇਵਾਰ ਹੋਵੇਗਾ | ਟੁੱਟੀ ਸੜਕ ਕਰ ਕੇ ਕਾਫੀ ਸਮੇਂ ਤੱਕ ਜਾਮ ਲੱਗਾ ਰਹਿੰਦਾ ਹੈ | ਲੋਕਾਂ ਦਾ ਕਹਿਣਾ ਸੀ ਕਿ ਸਿਆਸੀ ਆਗੂਆਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਤੋਂ ਪਹਿਲਾਂ ਇਹ ਮੁੱਖ ਸੜਕ ਬਣਾ ਦਿੱਤੀ ਜਾਵੇਗੀ ਪਰ ਅਜੇ ਤੱਕ ਕੋਈ ਸੁਧਾਰ ਨਹੀਂ ਕੀਤਾ ਗਿਆ ਹੈ | ਸੜਕ ਵਿਚ ਕਿਧਰੇ ਸੀਵਰੇਜ ਦੇ ਢੱਕਣ ਉੱਚੇ ਤੇ ਕਈ ਜਗ੍ਹਾ ਕਾਫੀ ਨੀਵੇਂ ਹਨ ਤੇ ਇਸ ਕਰਕੇ ਵੀ ਲੋਕਾਂ ਦੇ ਡਿਗਣ ਦੀ ਸ਼ੰਕਾ ਬਣੀ ਰਹਿੰਦੀ ਹੈ | ਲੋਕਾਂ ਨੇ ਇਸ ਟੁੱਟੀ ਸੜਕ ਨੂੰ ਜਲਦੀ ਤੋਂ ਜਲਦੀ ਠੀਕ ਕਰਵਾਉਣ ਦੀ ਮੰਗ ਕੀਤੀ ਹੈ |