ਚੁਗਿੱਟੀ/ਜੰਡੂਸਿੰਘਾ, 27 ਫਰਵਰੀ (ਨਰਿੰਦਰ ਲਾਗੂ) - ਸ਼ਹਿਰ ਦੇ ਵਾਰਡ ਨੰਬਰ 22 ਦੇ ਵਸਨੀਕ ਦਰਪੇਸ਼ ਚਿਰੋਕਣੀਆਂ ਸਮੱਸਿਆਵਾਂ ਕਾਰਨ ਪ੍ਰੇਸ਼ਾਨ ਹਨ ਪਰ ਬੜੇ ਅਫ਼ਸੋਸ ਵਾਲੀ ਗੱਲ ਹੈ ਕਿ ਤਮਾਮ ਮਸਲੇ ਹੱਲ ਕਰਵਾਉਣ ਲਈ ਉਨ੍ਹਾਂ ਵੱਲੋਂ ਨਗਰ ਨਿਗਮ ਦੇ ਸਬੰਧਿਤ ਅਧਿਕਾਰੀਆਂ ਨੂੰ ਜਾ ਕੇ ਮਿਲਣ ਦੇ ਬਾਵਜੂਦ ਪਰਨਾਲ਼ਾ ਉੱਥੇ ਦਾ ਉੱਥੇ ਹੀ ਹੈ ਜਿਸ ਕਾਰਨ ਇਲਾਕੇ ਦੇ ਲੋਕਾਂ ਦੇ ਮਨਾਂ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪੈਦਾ ਹੋ ਚੁੱਕਾ ਹੈ | ਇਹ ਪ੍ਰਗਟਾਵਾ 'ਅਜੀਤ' ਨਾਲ ਗੱਲਬਾਤ ਕਰਦਿਆਂ ਉਕਤ ਵਾਰਡ ਤੋਂ ਕਾਂਗਰਸ ਦੇ ਇੰਚਾਰਜ ਸੁਰਿੰਦਰ ਸਿੰਘ ਪੱਪਾ ਵੱਲੋਂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜਿੱਥੇ ਇਸ ਵਾਰਡ ਦੀਆਂ ਬਹੁਤੀਆਂ ਸੜਕਾਂ ਤੇ ਗਲੀਆਂ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਵਿਚ ਹਨ ਉੱਥੇ ਹੀ ਸਟਰੀਟ ਲਾਈਟਾਂ ਦੀ ਘਾਟ ਵੀ ਸਥਾਨਕ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਬਣੀ ਹੋਈ ਹੈ | ਸੜਕਾਂ 'ਤੇ ਬਣਾਏ ਗਏ ਡਿਵਾਈਡਰਾਂ 'ਤੇ ਧਿਆਨ ਨਾ ਦਿੱਤੇ ਜਾਣ ਕਾਰਨ ਘਾਹ ਤੇ ਜੰਗਲੀ ਜੜੀ ਬੂਟੀਆਂ ਪੈਦਾ ਹੋ ਚੁੱਕੀਆਂ ਹੈ | ਇਸ ਖੇਤਰ ਵਿਚ ਥਾਂ-ਥਾਂ ਫਿਰਦੇ ਆਵਾਰਾ ਪਸ਼ੂਆਂ ਤੇ ਬੇਸਹਾਰਾ ਕੁੱਤਿਆਂ ਕਾਰਨ ਵੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੜਕਾਂ 'ਤੇ ਵਾਹਨਾਂ ਨਾਲ ਆਵਾਰਾ ਪਸ਼ੂਆਂ ਦੇ ਟਕਰਾਉਣ ਕਾਰਨ ਹੁਣ ਤੱਕ ਕਈ ਹਾਦਸੇ ਹੋ ਚੁੱਕੇ ਹਨ ਤੇ ਉਸ ਦੌਰਾਨ ਰਾਹਗੀਰਾਂ ਦੇ ਸੱਟਾਂ ਵੀ ਲੱਗੀਆਂ | ਉਨ੍ਹਾਂ ਕਿਹਾ ਕਿ ਅਕਸਰ ਬੰਦ ਰਹਿੰਦੇ ਸੀਵਰੇਜ ਨੂੰ ਖੁਲ੍ਹਵਾਉਣ ਲਈ ਲੋਕਾਂ ਨੂੰ ਵਾਰ-ਵਾਰ ਅਧਿਕਾਰੀਆਂ ਅੱਗੇ ਲੇਲ੍ਹੜੀਆਂ ਕੱਢਣੀਆਂ ਪੈਂਦੀਆਂ ਹਨ | ਉਨ੍ਹਾਂ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਇੱਥੇ ਲੋਕਾਂ ਵੱਲੋਂ ਮਿਹਨਤ ਦੀ ਕਮਾਈ ਨਾਲ ਬੜੇ ਸੋਹਣੇ ਘਰ ਬਣਾਏ ਗਏ ਹਨ ਪਰ ਮੁੱਢਲੀਆਂ ਸਹੂਲਤਾਂ ਮੁਹੱਈਆ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਤੇ ਰਾਮ ਵਿਹਾਰ ਨੂੰ ਜਾਣ ਵਾਲੀ ਸੜਕ 'ਤੇ ਥਾਂ-ਥਾਂ ਲੱਗੇ ਕੂੜੇ ਦੇ ਢੇਰ ਤੋਂ ਦੂਰ-ਦੂਰ ਤੱਕ ਫੈਲ ਰਹੀ ਬਦਬੂ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਜਿਸ ਕਾਰਨ ਹਰ ਉਮਰ ਵਰਗ ਦੇ ਲੋਕਾਂ ਦੀ ਸਿਹਤ ਵਿਗੜ ਰਹੀ ਹੈ | ਉਨ੍ਹਾਂ ਵੱਲੋਂ ਕਮਿਸ਼ਨਰ ਨਗਰ ਨਿਗਮ ਅਤੇ ਮੇਅਰ ਨੂੰ ਉਕਤ ਲੋਕਾਂ ਦੀ ਸਾਰ ਲੈਣ ਦੀ ਅਪੀਲ ਕੀਤੀ ਗਈ ਹੈ |