ਜਲੰਧਰ, 28 ਫਰਵਰੀ (ਚੰਦੀਪ ਭੱਲਾ)- ਸ੍ਰੀ ਗੁਰੂ ਰਵਿਦਾਸ ਚੌਕ ਨੂੰ ਨਗਰ ਨਿਗਮ ਅਤੇ ਲੋਕਾਂ ਨੇ ਕਾਫ਼ੀ ਮਿਹਨਤ ਨਾਲ ਖ਼ੂਬਸੂਰਤ ਦਿੱਖ ਦਿੱਤੀ ਹੈ ਤੇ ਕਈ ਸਾਲਾਂ ਬਾਅਦ ਚੌਕ ਨੂੰ ਇਨ੍ਹਾਂ ਸੁੰਦਰ ਬਣਾਇਆ ਗਿਆ ਹੈ | ਚੌਕ ਨੂੰ ਵਾਹਨਾਂ ਦੀ ਟੱਕਰ ਨਾਲ ਟੁੱਟਣ ਤੇ ਇਸ ਦੀ ਖੂਬਸੂਰਤੀ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਆਲੇ-ਦੁਆਲੇ ਕਾਫ਼ੀ ਮੋਟੇ ਲੋਹੇ ਦੇ ਗਾਰਡਰ ਲਗਾਏ ਗਏ ਹਨ ਜੋ ਕਿ ਚੌਕ ਤੋਂ ਇੱਕ ਦੋ ਫੁੱਟ ਛੱਡ ਕੇ ਆਲੇ-ਦੁਆਲੇ ਲੱਗੇ ਹਨ ਪਰ ਚੌਕ ਨੂੰ ਬਚਾਉਣ ਲਈ ਲਗਾਏ ਗਏ ਇਹ ਲੋਹੇ ਦੇ ਗਾਰਡਰ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਹੋ ਸਕਦੇ ਹੈ ਕਿਉਂਕਿ ਇਨ੍ਹਾਂ ਵਿੱਚ ਕਈ ਗਾਰਡਰ ਵਾਹਨਾਂ ਦੇ ਟਕਰਾਉਣ ਨਾਲ ਟੇਢੇ ਹੋ ਕੇ ਹੋਰ ਵੀ ਖ਼ਤਰਨਾਕ ਹੋ ਗਏ ਹਨ ਤੇ ਇਨ੍ਹਾਂ ਨਾਲ ਚੌਕ ਦੀ ਦਿੱਖ ਵੀ ਖਰਾਬ ਲਗਦੀ ਹੈ | ਇਸ ਪਾਸੀਓਾ ਲੰਘਣ ਵਾਲੇ ਕੁੱਝ ਰਾਹਗੀਰਾਂ ਨੇ ਦੱਸਿਆ ਕਿ ਬੇਸ਼ੱਕ ਚੌਕ ਦੀ ਸੁੰਦਰਤਾ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਇਹ ਗਾਰਡਰ ਲਗਾਏ ਗਏ ਹਨ ਪਰ ਇਨ੍ਹਾਂ ਨਾਲ ਟਕਰਾ ਕੇ ਕਈ ਵਾਹਨ ਚਾਲਕ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ ਤੇ ਉਨ੍ਹਾਂ ਦੀਆਂ ਗੱਡੀਆਂ ਵੀ ਨੁਕਸਾਨੀਆਂ ਗਈਆਂ ਹਨ | ਕਈ ਵਾਰ ਮੋੜ ਕੱਟਦੇ ਹੋਏ ਦੁਪਹਿਆ ਵਾਹਨ ਚਾਲਕਾਂ ਦੇ ਹੈਾਡਲ ਵੀ ਇਨ੍ਹਾਂ ਗਾਰਡਰਾਂ 'ਚ ਫਸ ਜਾਂਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਚੌਕ ਦੇ ਆਲੇ-ਦੁਆਲੇ ਲੱਗੇ ਗਾਰਡਰਾਂ ਵਿਚੋਂ ਕੁੱਝ ਗਾਰਡਰ ਵਾਹਨਾਂ ਦੇ ਟਕਰਾਉਣ ਨਾਲ ਟੇਢੇ ਵੀ ਹੋ ਗਏ ਹਨ ਜੋ ਕਿ ਹੋਰ ਖ਼ਤਰਨਾਕ ਹੋ ਗਏ ਹਨ ਕਿਉਂਕਿ ਕਾਫ਼ੀ ਦਿਨਾਂ ਦਾ ਉਨ੍ਹਾਂ ਨੂੰ ਸਿੱਧਾ ਵੀ ਨਹੀਂ ਕੀਤਾ ਗਿਆ ਹੈ | ਲੋਕਾਂ ਦਾ ਕਹਿਣਾ ਹੈ ਰੱਬ ਨਾ ਕਰੇ ਜੇਕਰ ਕੋਈ ਦੁਪਹਿਆ ਵਾਹਨ ਚਾਲਕ ਕਿਸੇ ਵੱਡੇ ਵਾਹਨ ਨਾਲ ਟਕਰਾ ਕੇ ਇਨ੍ਹਾਂ ਲੋਹੇ ਦੇ ਭਾਰੀ ਭਰਕਮ ਗਾਰਡਰਾਂ ਨਾਲ ਟਕਰਾ ਜਾਂਦਾ ਹੈ ਤੇ ਉਸ ਦੀ ਜਾਨ ਵੀ ਜਾ ਸਕਦੀ ਹੈ ਜਾਂ ਉਸ ਨੂੰ ਗੰਭੀਰ ਸੱਟ ਵੀ ਲੱਗ ਸਕਦੀ ਹੈ ਤੇ ਇਨ੍ਹਾਂ ਨੂੰ ਇਸ ਤਰ੍ਹਾਂ ਲਗਾਉਣ ਨਾਲੋਂ ਗੋਲਾਈ (ਪਾਈਪ ਦੇ ਆਕਾਰ ਦੀ ਤਰ੍ਹਾਂ) ਵਾਲੇ ਗਾਰਡਰ ਲੱਗਣੇ ਚਾਹੀਦੇ ਸਨ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਚੌਕਾਂ ਦੀ ਸੁੰਦਰਤਾ ਨੂੰ ਕਾਇਮ ਰੱਖਣ ਸ਼ਹਿਰ ਵਾਸੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਪਰ ਉਸ ਜ਼ਿੰਮੇਵਾਰੀ ਨੂੰ ਲੋਹੇ ਦਾ ਗਾਰਡਰਾਂ ਨੂੰ ਹਟਾ ਕੇ ਵੀ ਪੂਰਾ ਕੀਤਾ ਜਾ ਸਕਦਾ ਹੈ ਤਾਂ ਕਿ ਇਸ ਨਾਲ ਕਿਸੇ ਦਾ ਵੀ ਜਾਨੀ ਜਾਂ ਮਾਲੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਲੋਕ ਇਨ੍ਹਾਂ ਖ਼ੂਬਸੂਰਤ ਚੌਕਾਂ ਤੋਂ ਤੇਜ਼ ਰਫ਼ਤਾਰ ਨਾਲ ਜਾਂਦੇ ਹਨ ਉਨ੍ਹਾਂ ਨੂੰ ਵੀ ਆਪਣੇ ਵਾਹਨਾਂ ਦੀ ਸਪੀਡ ਮੱਠੀ ਰੱਖਣੀ ਚਾਹੀਦੀ ਹੈ | ਲੋਕਾਂ ਨੇ ਨਗਰ ਨਿਗਮ ਤੋਂ ਮੰਗ ਕਰਦੇ ਹੋਏ ਕਿਹਾ ਇਨ੍ਹਾਂ ਲੋਹੇ ਦੇ ਗਾਰਡਰਾਂ ਨੂੰ ਹਟਾ ਕੇ ਇਸ ਚੌਕ ਦੀ ਖ਼ੂਬਸੂਰਤੀ ਨੂੰ ਕਾਇਮ ਰੱਖਣ ਲਈ ਕੋਈ ਹੋਰ ਉਪਰਾਲਾ ਕੀਤਾ ਜਾਵੇ ਜਾਂ ਫਿਰ ਗੋਲਾਈ ਵਾਲੇ ਗਾਰਡਰ ਲਗਾਏ ਜਾਣ |