08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪਿੰਡ ਬੰਬੀਆਂਵਾਲ 'ਚ 13 ਏਕੜ ਕਣਕ ਦੀ ਖੜ੍ਹੀ ਫ਼ਸਲ ਸੜ ਕੇ ਹੋਈ ਸੁਆਹ

ਅਜੀਤ ਡੈਸਕ 18-04-2026

ਜਲੰਧਰ, 17 ਅਪ੍ਰੈਲ (ਜਸਪਾਲ ਸਿੰਘ)-ਪਿੰਡ ਬੰਬੀਆਂਵਾਲ ਵਿਖੇ ਅੱਜ ਬਾਅਦ ਦੁਪਹਿਰ ਅੱਗ ਲੱਗਣ ਕਾਰਨ 13 ਏਕੜ ਦੇ ਕਰੀਬ ਕਣਕ ਦੀ ਖੜ੍ਹੀ ਫਸਲ ਸੜ ਕੇ ਸੁਆਹ ਹੋ ਗਈ | ਅੱਗ ਏਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ ਇਸ ਨੇ 13 ਏਕੜ ਦੇ ਕਰੀਬ ਫਸਲ ਨੂੰ ਆਪਣੀ ਲਪੇਟ 'ਚ ਲੈ ਗਿਆ | ਇਸ ਦੌਰਾਨ ਪਿੰਡ ਵਾਸੀਆਂ ਵਲੋਂ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ ਪਰ ਜਦ ਤੱਕ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪੁੱਜੀਆਂ ਤਦ ਤੱਕ ਪਿੰਡ ਵਾਸੀਆਂ ਨੇ ਟਰੈਕਟਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ | ਤੇਜ਼ ਹਵਾ ਚੱਲਣ ਕਾਰਨ ਅੱਗ ਤੇਜ਼ੀ ਨਾਲ ਫੈਲੀ ਤੇ ਲੋਕਾਂ ਨੂੰ ਅੱਗ ਬੁਝਾਉਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਫੌਰੀ ਪਤਾ ਨਹੀਂ ਲੱਗ ਸਕਿਆ ਪਰ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ | ਅੱਗ ਲੱਗਣ ਕਾਰਨ ਕਿਸਾਨ ਪਲਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਦੀ ਢਾਈ ਏਕੜ, ਰਾਜਵੀਰ ਸਿੰਘ ਪੁੱਤਰ ਸਰਬਜੀਤ ਸਿੰਘ ਦੀ ਕਰੀਬ 8 ਏਕੜ, ਹਰਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਦੀ 2 ਏਕੜ ਤੇ ਸੁਰਜੀਤ ਸਿੰਘ ਪੁੱਤਰ ਬਿ੍ਜ ਪਾਲ ਦੀ ਅੱਧਾ ਏਕੜ ਖੜ੍ਹੀ ਕਣਕ ਦੀ ਫਸਲ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ | ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਉਹ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ ਤੇ ਉਨ੍ਹਾਂ ਠੇਕਾ ਵੀ ਪਹਿਲਾਂ ਹੀ ਦਿੱਤਾ ਹੋਇਆ ਹੈ ਤੇ ਇਸ ਵਾਰ ਕਣਕ ਦੀ ਭਰਪੂਰ ਫਸਲ ਹੋਣ ਨਾਲ ਉਨ੍ਹਾਂ ਨੂੰ ਕਾਫੀ ਆਸ ਸੀ ਕਿ ਇਸ ਵਾਰ ਉਹ ਸਾਰਾ ਕਰਜ਼ਾ ਲਾਹ ਦੇਣਗੇ ਪਰ ਅੱਜ ਲੱਗੀ ਅੱਗ ਕਾਰਨ ਉਮੀਦਾਂ ਵੀ ਖ਼ਤਮ ਹੋ ਗਈਆਂ | ਇਸ ਦੌਰਾਨ ਇਕੱਤਰ ਹੋਏ ਪਿੰਡ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਫੌਰਨ ਭਰਪਾਈ ਕੀਤੀ ਜਾਵੇ ਤੇ ਅੱਗ ਨਾਲ ਸੜੀ ਕਣਕ ਦਾ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ | ਇਸ ਦੌਰਾਨ ਸਾਬਕਾ ਸਰਪੰਚ ਸਰਜੀਵਨ ਸਿੰਘ, ਮੈਂਬਰ ਪੰਚਾਇਤ ਅਲਫਾਜ਼ ਵੜੈਚ, ਜਗਦੀਸ਼ ਸਿੰਘ ਦੀਸ਼ਾ ਤੇ ਬੱਗੇ ਨੇ ਵੀ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ |
ਲੋਹੀਆਂ ਦੇ ਪਿੰਡ ਵਾੜਾ ਜੋਧ ਸਿੰਘ ਵਿਖੇ 4 ਏਕੜ ਕਣਕ ਸੜ ਕੇ ਸੁਆਹ
ਲੋਹੀਆਂ ਖਾਸ, 17 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਤੋਂ ਮੱਖੂ ਸੜਕ 'ਤੇ ਪੈਂਦੇ ਪਿੰਡ ਵਾੜਾ ਜੋਧ ਸਿੰਘ ਵਿਖੇ ਉਸ ਵੇਲੇ ਵੱਡੀ ਘਟਨਾ ਵਾਪਰੀ ਜਦੋਂ ਪਿੰਡ ਵਾੜਾ ਜੋਧ ਸਿੰਘ ਵਿਖੇ ਇਕ ਕਿਸਾਨ ਦੇ ਖੇਤ ਨੂੰ ਟਰੈਕਟਰ ਤੋਂ ਨਿਕਲੇ ਚੰਗਿਆੜੇ ਨਾਲ ਅੱਗ ਲੱਗ ਗਈ | ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ਪੱਡਾ ਤੇ ਪੰਚ ਰਾਜਾ ਪੱਡਾ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਸੁਖਜਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਆਪਣੇ ਖੇਤ 'ਚ ਕਣਕ ਦੀ ਕਟਾਈ ਕਰਵਾ ਰਹੇ ਸਨ ਕਿ ਉਨ੍ਹਾਂ ਦੇ ਆਪਣੇ ਟਰੈਕਟਰ ਨੂੰ ਸਟਾਰਟ ਕਰਨ ਵੇਲੇ ਸੈਲਫ਼ ਤੋਂ ਨਿਕਲੇ ਚੰਗਿਆੜੇ ਨਾਲ ਅਚਾਨਕ ਅੱਗ ਲੱਗ ਗਈ, ਜਿਸ ਆਸ-ਪਾਸ ਪਿੰਡਾਂ ਦੇ ਲੋਕਾਂ ਨੇ ਬੁਝਾਉਣਾ ਆਰੰਭ ਕਰ ਦਿੱਤਾ | ਉਨ੍ਹਾਂ ਕਿਹਾ ਕਿ 112 ਨੰਬਰ 'ਤੇ ਸੂਚਨਾ ਦੇਣ ਉਪਰੰਤ ਤੁਰੰਤ ਫਾਇਰ ਬਿ੍ਗੇਡ ਗੱਡੀ ਪੁੱਜੀ, ਜਿਸ ਦੀ ਸਹਾਇਤਾ ਨਾਲ ਅੱਗ ਤੋਂ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ | ਉਨ੍ਹਾਂ ਦੱਸਿਆ ਕਿ ਇਸ ਅੱਗ ਦੀ ਲਪੇਟ 'ਚ ਕਿਸਾਨ ਸੁਖਜਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਦੀ ਆਪਣੀ ਢੇਡ ਏਕੜ ਕਣਕ ਅਤੇ ਨੇੜਲੇ ਗੁਆਂਢੀ ਕਿਸਾਨ ਮਲਕੀਤ ਸਿੰਘ ਪੁੱਤਰ ਵਸਾਵਾ ਸਿੰਘ ਦੀ ਢਾਈ ਏਕੜ ਕਣਕ ਸੜ ਗਈ ਹੈ | ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ਪੱਡਾ, ਪੰਚ ਰਾਜਾ ਪੱਡਾ, ਮੇਜਰ ਸਿੰਘ ਪੱਡਾ, ਗੁਰਪਾਲ ਸਿੰਘ ਕੁਮੈਂਟੇਟਰ ਤੇ ਹੋਰ ਕਿਸਾਨਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਵਾਪਰੀ ਅੱਗ ਦੀ ਘਟਨਾ ਤੋਂ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ |

ਪਿਛਲੀ ਖ਼ਬਰ ਡੀ. ਸੀ. ਨੂੰ ਮਿਲੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਵਫ਼ਦ ਨੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੰਬੰਧੀ ਦਿੱਤਾ ਮੰਗ-ਪੱਤ... ਅਗਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ 'ਚ 28,444 ਮੀਟਰਿਕ ਟਨ ਕਣਕ ਦੀ ਆਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।