ਜਲੰਧਰ, 28 ਅਪ੍ਰੈਲ (ਜਤਿੰਦਰ ਪੰਮੀ)-ਪਿਛਲੇ ਦਿਨਾਂ ਦੌਰਾਨ ਆਮ ਆਦਮੀ ਪਾਰਟੀ 'ਚ ਵਾਪਰੇ ਸਿਆਸੀ ਘਟਨਾਚੱਕਰ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵਲੋਂ 29 ਅਪ੍ਰੈਲ ਨੂੰ ਪੰਜਾਬ ਭਰ ਦੇ ਵਿਧਾਇਕਾਂ, ਹਲਕਾ ਇੰਚਾਰਜਾਂ, ਚੇਅਰਮੈਨਾਂ ਤੇ ਬਲਾਕ ਪੱਧਰੀ ਸੰਗਠਨ ਇੰਚਾਰਜਾਂ ਨਾਲ ਮੰਥਨ ਕੀਤਾ ਜਾਵੇਗਾ | ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਸੰਜੀਵ ਭਗਤ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੰਥਨ ਮੀਟਿੰਗ ਸ਼ਾਹਪੁਰ ਸਥਿਤ ਸੀ. ਟੀ. ਇੰਸਟੀਚਿਊਟ ਵਿਖੇ ਸਵੇਰੇ 9 ਵਜੇ ਕਰਵਾਈ ਜਾ ਰਹੀ ਹੈ | ਮੀਟਿੰਗ 'ਚ ਪੰਜਾਬ ਭਰ ਤੋਂ 800-1000 ਦੇ ਕਰੀਬ ਵੱਖ-ਵੱਖ ਪੱਧਰ ਦੇ ਪਾਰਟੀ ਅਬਜ਼ਰਵਰਾਂ ਵਲੋਂ ਸ਼ਿਰਕਤ ਕੀਤੀ ਜਾ ਰਹੀ ਹੈ | ਓਧਰ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਸਵੇਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵਲੋਂ ਪਾਰਟੀ ਦੇ ਸਾਰੇ ਵਿਧਾਇਕਾਂ ਨਾਲ ਮੀਟਿੰਗ ਕੀਤੇ ਜਾਣ ਦੀ ਚਰਚਾ ਚੱਲਦੀ ਰਹੀ | ਹਾਲਾਂਕਿ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਉਕਤ ਮੰਥਨ ਮੀਟਿੰਗ 'ਚ ਸੂਬਾ ਪ੍ਰਧਾਨ ਅਮਨ ਅਰੋੜਾ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆਂ ਪਾਰਟੀ ਦੇ ਸਮੂਹ ਅਬਜ਼ਰਵਰਾਂ ਨਾਲ ਚੋਣਾਂ ਸੰਬੰਧੀ ਨੀਤੀਆਂ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕਰਨਗੇ |