ਜਲੰਧਰ, 28 ਅਪ੍ਰੈਲ (ਸ਼ਿਵ)- ਭਾਜਪਾ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਭਾਜਪਾ ਵਿਚ ਸ਼ਾਮਿਲ ਹੋਏ ਰਾਜ-ਸਭਾ ਮੈਂਬਰਾਂ ਨੂੰ ਗ਼ੱਦਾਰ ਕਹਿਣ 'ਤੇ ਆਪ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਭਾਜਪਾ ਵਿਚ ਬਿਨਾਂ ਸ਼ਰਤ ਸ਼ਾਮਿਲ ਹੋਏ 7 ਰਾਜ-ਸਭਾ ਮੈਂਬਰ ਨੂੰ ਗ਼ੱਦਾਰ ਕਹਿ ਕੇ ਨਾ ਸਿਰਫ਼ ਅਲੋਕ-ਤੰਤਰੀ ਸ਼ਬਦ ਦੀ ਵਰਤੋਂ ਕੀਤੀ ਹੈ ਸਗੋਂ ਉਨਾਂ ਦਾ ਅਪਮਾਨ ਕੀਤਾ ਹੈ ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਸ੍ਰੀ ਮਲਿਕ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ | ਉਨਾਂ ਕਿਹਾ ਕਿ ਇਨ੍ਹਾਂ ਰਾਜ-ਸਭਾ ਮੈਂਬਰਾਂ ਵਿਚੋਂ ਖਾਸਤੌਰ 'ਤੇ ਰਾਜ-ਸਭਾ ਮੈਂਬਰ ਅਤੇ ਅੰਤਰਰਾਸ਼ਟਰੀ ਕਿ੍ਕਟਰ ਹਰਭਜਨ ਸਿੰਘ ਹੈ ਜਿਨਾਂ ਨੇ ਦੇਸ਼ ਲਈ ਵਰਲਡ ਕੱਪ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ ਤਾਂ ਉਨਾਂ ਦੇ ਘਰ ਬਾਹਰ ਗ਼ੱਦਾਰ ਸ਼ਬਦ ਲਿਖਣ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਘੱਟ ਹੋਵੇਗੀ | ਸ੍ਰੀ ਮਲਿਕ ਨੇ ਕਿਹਾ ਕਿ ਫੇਰ ਤਾਂ ਆਪ ਨੂੰ ਉਨਾਂ ਆਗੂਆਂ ਦੇ ਘਰਾਂ ਬਾਹਰ ਗ਼ੱਦਾਰ ਲਿਖਣਾ ਚਾਹੀਦਾ ਹੈ ਜਿਹੜੇ ਕਿ ਦੂਜੀਆਂ ਪਾਰਟੀਆਂ ਤੋਂ ਆਏ ਹਨ | ਸ੍ਰੀ ਸ਼ਵੇਤ ਮਲਿਕ ਨੇ ਕਿਹਾ ਕਿ ਜਿਹੜੀ ਪਾਰਟੀ ਆਪਣੇ ਆਪ ਨੂੰ ਕਟਰ ਇਮਾਨਦਾਰੀ ਦੱਸਦੀ ਹੈ, ਉਸ ਦੇ ਆਗੂ ਹੀ ਲਗਾਤਾਰ ਪਾਰਟੀ ਨੂੰ ਅਲਵਿਦਾ ਕਹਿ ਰਹੇ ਹਨ | ਆਪ ਦੇ ਕਈ ਵਿਧਾਇਕਾਂ ਦੇ ਪਾਰਟੀ ਵਿਚ ਸ਼ਾਮਿਲ ਹੋਣ ਦੀ ਚਰਚਾ ਬਾਰੇ ਪੁੱਛੇ ਸਵਾਲ 'ਤੇ ਸ੍ਰੀ ਮਲਿਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਮੂਲ ਸਿਧਾਂਤਾਂ ਤੋਂ ਭਟਕ ਚੁੱਕੀ ਹੈ ਅਤੇ ਕਈ ਆਗੂ ਆਪਣੇ ਆਪ ਨੂੰ ਅਸਹਿਜ ਮਹਿਸੂਸ ਕਰ ਰਹੇ ਹਨ, ਜਿਸ ਕਾਰਨ ਉਹ ਹੋਰ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਹਮੇਸ਼ਾ ਉਨਾਂ ਆਗੂਆਂ ਦਾ ਸਵਾਗਤ ਕਰਦੀ ਹੈ ਜੋ ਰਾਸ਼ਟਰ ਹਿਤ ਵਿਚ ਕੰਮ ਕਰਨਾ ਚਾਹੁੰਦੇ ਹਨ ਅਤੇ ਪਾਰਦਰਸ਼ਤਾ ਤੇ ਸੁਸ਼ਾਸਨ 'ਤੇ ਵਿਸ਼ਵਾਸ ਰੱਖਦੇ ਹਨ | ਮਲਿਕ ਨੇ ਕਿਹਾ ਕਿ ਆਪ ਵਿਚ ਪਹਿਲਾਂ ਹੀ ਕਈ ਸੀਨੀਅਰ ਆਗੂ ਪਾਰਟੀ ਨੂੰ ਛੱਡ ਚੁੱਕੇ ਹਨ ਕਿਉਂਕਿ ਉਨਾਂ ਦੀਆਂ ਨੀਤੀਆਂ ਹੀ ਲੋਕ ਵਿਰੋਧੀ ਰਹੀਆਂ ਹਨ | ਇਸ ਮੌਕੇ ਇਸ ਮੌਕੇ ਭਾਜਪਾ ਸੀਨੀਅਰ ਆਗੂ ਰਾਕੇਸ਼ ਰਾਠੌਰ, ਕੇ.ਡੀ. ਭੰਡਾਰੀ, ਰਮਨ ਪੱਬੀ, ਕਰਮਜੀਤ ਕੌਰ ਚੌਧਰੀ, ਅਸ਼ੋਕ ਸਰੀਨ ਹਿੱਕੀ, ਅਮਿੱਤ ਭਾਟੀਆ ਤੇ ਹੋਰ ਹਾਜਰ ਸਨ |