ਜਲੰਧਰ, 28 ਅਪ੍ਰੈਲ (ਜਤਿੰਦਰ ਪੰਮੀ)-ਭਾਰਤੀ ਜਨਤਾ ਪਾਰਟੀ ਦੇ ਵਫ਼ਦ ਨੇ ਸਿਵਲ ਹਸਪਤਾਲ ਵਿਚਲੀਆਂ ਖਾਮੀਆਂ ਨੂੰ ਲੈ ਕੇ ਮੰਗਲਵਾਰ ਨੂੰ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੂੰ ਮੰਗ ਪੌਤਰ ਸੌਂਪਿਆ | ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਮਿਲੇ ਭਾਜਪਾ ਦੇ ਵਫ਼ਦ ਨੇ ਸਿਵਲ ਹਸਪਤਾਲ ਵਿਚਲੀਆਂ ਖਾਮੀਆਂ ਤੁਰੰਤ ਦੂਰ ਕਰਕੇ ਜਨਤਾ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ | ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਸਿਵਲ ਹਸਪਤਾਲ ਵਿੱਚ ਡਾਇਲਿਸਿਸ ਮਸ਼ੀਨਾਂ ਬੰਦ ਤੇ ਕਈ ਵਾਰਡ ਬੰਦ ਪਏ ਹੋਏ ਹਨ | ਵੱਖ-ਵੱਖ ਥਾਵਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜੋ ਮਰੀਜ਼ਾਂ ਦੀ ਸਿਹਤ ਲਈ ਖਤਰਾ ਹਨ | ਸਿਵਲ ਹਸਪਤਾਲ ਆਮ ਜਨਤਾ ਦੇ ਇਲਾਜ ਦਾ ਮੁੱਖ ਕੇਂਦਰ ਹੈ ਪਰ ਇਥੇ ਬੁਨਿਆਦੀ ਸਹੂਲਤਾਂ ਦੀ ਕਮੀ ਚਿੰਤਾਜਨਕ ਹੈ | ਉਨ੍ਹਾਂ ਮੰਗ ਕੀਤੀ ਕਿ ਬੰਦ ਪਈਆਂ ਡਾਇਲਿਸਿਸ ਮਸ਼ੀਨਾਂ ਤੁਰੰਤ ਚਾਲੂ ਕੀਤੀਆਂ ਜਾਣ ਤਾਂ ਜੋ ਆਮ ਜਨਤਾ ਨੂੰ ਰਾਹਤ ਮਿਲ ਸਕੇ | ਵਾਟਰ ਕੂਲਰ ਠੀਕ ਕੀਤੇ ਜਾਣ, ਬੰਦ ਪਏ ਵਾਰਡ ਖੋਲ੍ਹੇ ਜਾਣ ਤੇ ਲੱਗੇ ਕੂੜੇ ਦੇ ਢੇਰ ਤੁਰੰਤ ਸਾਫ ਕਰਵਾਏ ਜਾਣ | ਇਸ ਮੌਕੇ ਸਾਬਕਾ ਵਿਧਾਇਕ ਕਿ੍ਸ਼ਨ ਦੇਵ ਭੰਡਾਰੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਜ਼ਿਲ੍ਹਾ ਮਹਾਮੰਤਰੀ ਰਾਜੇਸ਼ ਕਪੂਰ, ਅਸ਼ੋਕ ਸਰੀਨ ਹਿਕੀ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਅਨੁਜ ਸ਼ਾਰਦਾ ਤੇ ਹੋਰ ਹਾਜ਼ਰ ਸਨ |