ਮਕਸੂਦਾਂ, 28 ਅਪ੍ਰੈਲ (ਸੌਰਵ ਮਹਿਤਾ)-ਸ਼ਹਿਰ ਦੇ ਸੰਜੇ ਗਾਂਧੀ ਨਗਰ ਇਲਾਕੇ ਵਿਚ ਇਕ ਤਾਲਾਬੰਦ ਮਕਾਨ ਵਿਚ ਚੋਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜੇ੍ਹ ਕਰ ਦਿੱਤੇ ਹਨ | ਘਰ ਦੇ ਰਹਿਣ ਵਾਲੇ ਲੋਕ ਆਪਣੇ ਬੱਚੇ ਦੇ ਇਲਾਜ ਸੰਬੰਧੀ ਬਾਹਰ ਗਏ ਹੋਏ ਸਨ ਅਤੇ ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਮੌਕਾ ਦੇਖ ਕੇ ਘਰ ਵਿਚ ਦਾਖਲ ਹੋ ਕੇ ਕੀਮਤੀ ਸਾਮਾਨ ਚੋਰੀ ਕਰ ਲਿਆ | ਪੀੜਤ ਮਹਿਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਇਥੇ ਕਿਰਾਏ 'ਤੇ ਰਹਿ ਰਹੀ ਹੈ | ਕੁਝ ਦਿਨ ਪਹਿਲਾਂ ਪਰਿਵਾਰਕ ਮਜ਼ਬੂਰੀ ਕਰਕੇ ਉਹ ਆਪਣੇ ਸਾਰੇ ਮੈਂਬਰਾਂ ਸਮੇਤ ਬਾਹਰ ਗਈ ਹੋਈ ਸੀ | ਵਾਪਸੀ ਉਪਰੰਤ ਜਦੋਂ ਘਰ ਦਾ ਦਰਵਾਜ਼ਾ ਖੋਲਿ੍ਹਆ ਗਿਆ ਤਾਂ ਅੰਦਰਲਾ ਦਿ੍ਸ਼ ਵਿਗੜਿਆ ਹੋਇਆ ਮਿਲਿਆ | ਘਰ ਵਿਚ ਰੱਖਿਆ ਸਾਮਾਨ ਇਧਰ-ਉਧਰ ਵਿਖਰਿਆ ਪਿਆ ਸੀ ਅਤੇ ਅਲਮਾਰੀ ਨਾਲ ਛੇੜਛਾੜ ਦੇ ਸਪੱਸ਼ਟ ਨਿਸ਼ਾਨ ਸਨ | ਉਸ ਦੇ ਮੁਤਾਬਕ ਘਰ ਦੇ ਤਾਲਿਆਂ ਨੂੰ ਤੋੜ ਕੇ ਅੰਦਰ ਦਾਖਲ ਹੋਇਆ ਗਿਆ ਤੇ ਸੰਭਾਲ ਕੇ ਰੱਖੇ ਗਹਿਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ | ਇਸ ਘਟਨਾ ਦੌਰਾਨ ਸੋਨੇ ਤੇ ਚਾਂਦੀ ਦੇ ਗਹਿਣਿਆਂ ਦੀ ਚੋਰੀ ਹੋਈ ਹੈ, ਜਿਸ ਨਾਲ ਵਿੱਤੀ ਨੁਕਸਾਨ ਵੀ ਵੱਡਾ ਹੋਇਆ ਹੈ | ਮਾਮਲੇ ਵਿਚ ਨਵਾਂ ਮੋੜ ਤਦ ਆਇਆ ਜਦੋਂ ਪੀੜਤਾ ਨੇ ਕੁਝ ਜਾਣ-ਪਛਾਣ ਵਾਲੇ ਲੋਕਾਂ 'ਤੇ ਹੀ ਸ਼ੱਕ ਜਤਾਇਆ | ਉਸ ਨੇ ਕਿਹਾ ਕਿ ਘਰ ਦੀ ਸਥਿਤੀ ਤੇ ਅੰਦਰਲੇ ਸਾਮਾਨ ਬਾਰੇ ਜਾਣਕਾਰੀ ਕਿਸੇ ਅੰਦਰੂਨੀ ਵਿਅਕਤੀ ਨੂੰ ਹੀ ਹੋ ਸਕਦੀ ਹੈ | ਉਸ ਦੇ ਅਨੁਸਾਰ ਮਕਾਨ ਮਾਲਕਣ ਵਲੋਂ ਵੀ ਘਰ 'ਤੇ ਵਾਧੂ ਤਾਲਾ ਲਗਾਇਆ ਗਿਆ ਸੀ ਤੇ ਉਸ ਨੇ ਫੋਨ ਰਾਹੀਂ ਘਰ ਵਿਚ ਗਤੀਵਿਧੀ ਬਾਰੇ ਦੱਸਿਆ ਸੀ, ਜੋ ਸਾਰੇ ਮਾਮਲੇ ਨੂੰ ਸ਼ੱਕੀ ਬਣਾਉਂਦਾ ਹੈ | ਇਕ ਪੁਰਾਣੇ ਕਿਰਾਏਦਾਰ ਦੀ ਭੂਮਿਕਾ 'ਤੇ ਵੀ ਸਵਾਲ ਉਠਾਏ ਗਏ ਹਨ | ਪੀੜਤ ਪਰਿਵਾਰ ਨੇ ਇਸ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ | ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਸੰਦੇਹੀਆਂ ਤੋਂ ਪੁੱਛਗਿੱਛ ਜਾਰੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਜਲਦ ਹੀ ਮਾਮਲੇ ਦੀ ਗੁੱਥੀ ਸੁਲਝਾ ਲਈ ਜਾਵੇਗੀ |