ਜਲੰਧਰ, 28 ਅਪ੍ਰੈਲ (ਐੱਮ. ਐੱਸ. ਲੋਹੀਆ)-ਪੰਜਾਬੀ ਦੇ ਸਿਰਮੌਰ ਗਲਪ ਲੇਖਕ ਅਜਮੇਰ ਸਿੱਧੂ ਤੇ ਨਾਮਵਰ ਸਾਹਿਤ ਚਿੰਤਕ ਡਾ. ਜੇ. ਬੀ. ਸਿੰਘ ਸੇਖੋਂ ਦਾ ਸਨਮਾਨ ਸਮਾਗਮ 4 ਮਈ ਨੂੰ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਮੌਲਵੀ ਬਰਕਤ ਉੱਲਾ ਹਾਲ ਅੰਦਰ ਕਰਵਾਇਆ ਜਾ ਰਿਹਾ ਹੈ | ਇਪਸਾ ਆਸਟ੍ਰੇਲੀਆ ਦੇ ਸਹਿਯੋਗ ਨਾਲ ਸਾਹਿਤ ਕਲਾ ਕੇਂਦਰ ਵਲੋਂ ਕਰਵਾਏ ਜਾ ਰਹੇ ਸਮਾਗਮ ਦੌਰਾਨ ਗ਼ਦਰੀ ਭਾਈ ਸੰਤੋਖ ਸਿੰਘ ਯਾਦਗਾਰੀ ਪੁਰਸਕਾਰ ਸਾਹਿਤ ਚਿੰਤਕ ਡਾ. ਜੇ. ਬੀ. ਸਿੰਘ ਸੇਖੋਂ ਤੇ ਗ਼ਦਰੀ ਬਾਬਾ ਜਵਾਲਾ ਸਿੰਘ ਯਾਦਗਾਰੀ ਪੁਰਸਕਾਰ ਪੰਜਾਬੀ ਗਲਪ ਲੇਖਕ ਅਜਮੇਰ ਸਿੱਧੂ ਨੂੰ ਦਿੱਤਾ ਜਾਵੇਗਾ | ਕੇਂਦਰ ਦੇ ਪ੍ਰਧਾਨ ਪ੍ਰੋ. ਡਾ. ਗੋਪਾਲ ਸਿੰਘ ਬੁੱਟਰ ਤੇ ਜਨਰਲ ਸਕੱਤਰ ਨਰਿੰਦਰ ਪਾਲ ਕੰਗ ਨੇ ਜਾਣਕਾਰੀ ਦਿੱਤੀ ਕਿ ਇਸ ਪੁਰਸਕਾਰ 'ਚ ਦੋਨਾਂ ਸਨਮਾਨਤ ਸ਼ਖ਼ਸੀਅਤਾਂ ਨੂੰ 21-21 ਹਜ਼ਾਰ ਰੁਪਏ ਨਕਦ ਤੇ ਦੁਸ਼ਾਲੇ ਤੇ ਯਾਦਗਾਰੀ ਚਿੰਨ੍ਹ ਦੇ ਕੇ ਉਨ੍ਹਾਂ ਦੀ ਰਚਨਾਤਮਕ ਪ੍ਰਤਿਭਾ ਦਾ ਸਨਮਾਨ ਕੀਤਾ ਜਾਵੇਗਾ | ਸਮਾਗਮ 'ਚ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਸਾਬਕਾ ਪਿ੍ੰਸੀਪਲ ਤੇ ਨਾਮਵਰ ਖੇਡ ਲੇਖਕ ਡਾ. ਜਸਪਾਲ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਪੰਜਾਬੀ ਦੇ ਸਿਰਮੌਰ ਸ਼ਾਇਰ ਪ੍ਰੋ. ਸੁਰਜੀਤ ਜੱਜ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ | ਉੱਘੇ ਗਲਪਕਾਰ ਭਗਵੰਤ ਰਸੂਲਪੁਰੀ ਦੇਸ਼ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਤੇ ਕੇਂਦਰ ਦੇ ਸਰਪਰਸਤ ਇੰਜ. ਸ਼ੀਤਲ ਸਿੰਘ ਸੰਘਾ ਪ੍ਰਧਾਨਗੀ ਮੰਡਲ 'ਚ ਸ਼ਾਮਿਲ ਹੋਣਗੇ | ਸਮਾਗਮ ਦਾ ਮੰਚ ਸੰਚਾਲਨ ਇੰਜ. ਮਨੋਹਰ ਖਹਿਰਾ ਕਰਨਗੇ | ਸਨਮਾਨ ਦੀ ਰਸਮ ਤੋਂ ਉਪਰੰਤ ਪੰਜਾਬੀ ਦੇ ਨਾਮਵਰ ਸ਼ਾਇਰ ਆਪਣਾ-ਆਪਣਾ ਕਲਾਮ ਪੇਸ਼ ਕਰਨਗੇ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ 'ਇਪਸਾ' ਆਸਟਰੇਲੀਆ ਦੇ ਰੂਹ-ਇ-ਰਵਾਂ ਉੱਘੇ ਅਗਾਂਹਵਧੂ ਸ਼ਾਇਰ ਸਰਬਜੀਤ ਸੋਹੀ ਤੇ ਜਸਕਰਨ ਸ਼ੀਂਹ ਆਪਣੇ ਸਾਥੀਆਂ ਸਹਿਤ ਇਸ ਸਮਾਗਮ ਨਾਲ ਆਨ-ਲਾਈਨ ਜੁੜਨਗੇ |