ਨਕੋਦਰ, 28 ਅਪ੍ਰੈਲ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਡਾ. ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ ਕਾਂਗਰਸ ਪੀ. ਪੀ. ਸੀ. ਸੀ. ਬੁਲਾਰੇ ਨੇ ਆਉਣ ਵਾਲੀਆਂ ਨਗਰ ਕੌਂਸਲ ਨਕੋਦਰ ਚੋਣਾਂ 'ਚ ਚੋਣ ਨਿਯਮਾਂ ਦੀਆਂ ਉਲੰਘਣਾਵਾਂ ਬਾਰੇ ਚਿੰਤਾ ਪ੍ਰਗਟ ਕਰਦੇ ਐਸ. ਡੀ. ਐਮ. ਨਕੋਦਰ ਨੂੰ ਮੰਗ ਪੱਤਰ ਦਿੱਤਾ | ਇਸ ਮੌਕੇ ਡਾ. ਦਾਹੀਆ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ ਮਿਲੀ ਹੈ ਕਿ ਸੱਤਾ ਰੂੜ 'ਆਪ' ਪਾਰਟੀ ਨਾਲ ਸੰਬੰਧਿਤ ਕੁਝ ਵਿਅਕਤੀ ਇਸ ਮੰਚ 'ਤੇ ਗ਼ੈਰ-ਕਾਨੂੰਨੀ ਤਰੀਕੇ ਨਾਲ ਨਵੇਂ ਵੋਟਰ ਤਿਆਰ ਕਰਨ ਅਤੇ ਸ਼ਾਮਿਲ ਕਰਨ 'ਚ ਲੱਗੇ ਹੋਏ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਚੋਣ ਕਾਨੂੰਨਾਂ ਦੀ ਸਿੱਧੀ ਉਲੰਘਣਾ ਹਨ ਅਤੇ ਲੋਕਤੰਤਰ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ | ਉਨ੍ਹਾਂ ਕਿ ਪਹਿਲਾਂ ਹੀ ਵੱਖ-ਵੱਖ ਵਾਰਡਾਂ 'ਚ ਗਲਤ ਵੋਟਰ ਐਂਟਰੀਆਂ ਬਾਰੇ ਇਤਰਾਜ਼ ਦਰਜ ਕਰਵਾਏ ਸਨ, ਪਰ ਇਸ ਦੇ ਬਾਵਜੂਦ ਇਹੋ ਜਿਹੀਆਂ ਗੜਬੜੀਆਂ ਮੁੜ ਸੱਤਾ ਰੂੜ ਪਾਰਟੀ ਦੇ ਪ੍ਰਭਾਵ ਹੇਠ ਕੀਤੀਆਂ ਜਾ ਰਹੀਆਂ ਹਨ | ਡਾ. ਦਾਹੀਆ ਨੇ ਜ਼ੋਰ ਦੇ ਕੇ ਕਿਹਾ ਕਿ ਚੋਣ ਪ੍ਰਕਿਰਿਆ ਅਨੁਸਾਰ ਨਿਰਧਾਰਿਤ ਮਿਆਦ ਤੋਂ ਬਾਅਦ ਵੋਟਰ ਸੂਚੀ 'ਚ ਕੋਈ ਵੀ ਨਵੀਂ ਸ਼ਾਮਿਲ ਜਾਂ ਤਬਦੀਲੀ ਮਨਜ਼ੂਰ ਨਹੀਂ ਹੁੰਦੀ, ਇਸ ਤਰ੍ਹਾਂ ਦੀ ਕਾਰਵਾਈ ਸੱਤਾ ਦਾ ਦੁਰਉਪਯੋਗ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਦੀ ਤੁਰੰਤ ਜਾਂਚ ਕੀਤੀ ਜਾਵੇ, ਗ਼ੈਰ-ਕਾਨੂੰਨੀ ਵੋਟਰ ਸ਼ਾਮਿਲ ਕਰਨ ਦੀ ਕਾਰਵਾਈ ਤੁਰੰਤ ਰੋਕੀ ਜਾਵੇ | ਉਨ੍ਹਾਂ ਕਿਹਾ ਕਿ ਜੇ ਸਮੇਂ ਸਿਰ ਨਿਰਪੱਖ ਕਾਰਵਾਈ ਨਾ ਕੀਤੀ ਗਈ ਤਾਂ ਇਹ ਮਾਮਲਾ ਉੱਚ ਅਧਿਕਾਰੀਆਂ ਸਮੇਤ ਸਟੇਟ ਇਲੈਕਸ਼ਨ ਕਮਿਸ਼ਨ ਕੋਲ ਉਠਆਇਆ ਜਾਵੇਗਾ ਅਤੇ ਲੋੜ ਪੈਣ 'ਤੇ ਹਾਈਕੋਰਟ ਦਾ ਦਰਵਾਜ਼ਾ ਖੜਖਾਇਆ ਜਾਵੇਗਾ |