ਸ਼ਾਹਕੋਟ, 29 ਅਪ੍ਰੈਲ (ਦਲਜੀਤ ਸਿੰਘ ਸਚਦੇਵਾ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਨ ਵਲੋਂ ਜਨਗਣਨਾ (ਸੈਂਸਸ) ਦੇ ਕੰਮ ਨੂੰ ਨੇਪਰੇ ਚਾੜ੍ਹਨ ਲਈ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਜਿਸ ਤਹਿਤ ਬਲਾਕ ਸ਼ਾਹਕੋਟ 'ਚ ਵੀ ਡਿਊਟੀਆਂ ਤਾਂ ਲਗਾਈਆਂ ਗਈਆਂ ਹਨ, ਪਰ ਡਿਊਟੀਆਂ ਲਗਾਉਣ ਦੇ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨਹੀਂ ਕੀਤਾ ਗਿਆ | ਸ਼ਾਹਕੋਟ 'ਚ ਪ੍ਰਸ਼ਾਸਨ ਵਲੋਂ ਆਪਣੇ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਡਿਊਟੀਆਂ ਐਡਜਸਟ ਕੀਤੀਆਂ ਗਈਆਂ ਹਨ | ਸ਼ਾਹਕੋਟ ਬਲਾਕ ਵਿਚ ਜਨਗਣਨਾ ਦੇ ਕੰਮ ਦੇ ਇੰਚਾਰਜ ਤਹਿਸੀਲਦਾਰ ਸ਼ਾਹਕੋਟ ਹਨ, ਜਿਨ੍ਹਾਂ ਦੀ ਨੱਕ ਹੇਠ ਇਹ ਧਾਂਦਲੀਆਂ ਹੋ ਰਹੀਆਂ ਹਨ | ਬਲਾਕ ਵਿਚ ਕੁਝ ਅਧਿਆਪਕਾਂ ਦੀ ਜਨਗਣਨਾ ਦੀ ਡਿਊਟੀ ਸੰਬੰਧੀ ਆਈ.ਡੀ ਬਣ ਕੇ ਉਨ੍ਹਾਂ ਦੇ ਫੋਨ 'ਤੇ ਮੈਸੇਜ ਵੀ ਚੱਲੇ ਗਏ ਸਨ, ਪਰ ਇਸ ਦੇ ਬਾਵਜੂਦ ਉਨ੍ਹਾਂ ਅਧਿਆਪਕਾਂ ਦੇ ਨਾਮ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਨਗਣਨਾ ਡਿਊਟੀ ਸੰਬੰਧੀ ਜਾਰੀ ਕੀਤੀ ਗਈ ਸੂਚੀ ਵਿਚ ਨਹੀਂ ਆਏ | ਜੇਕਰ ਇਕ ਅਧਿਆਪਕ ਦਾ ਨਾਂਅ ਜ਼ਿਲ੍ਹਾ ਪ੍ਰਸ਼ਾਸਨ ਦੀ ਸੂਚੀ ਵਿਚ ਆ ਗਿਆ ਤੇ ਬਾਅਦ ਵਿਚ ਤਹਿਸੀਲਦਾਰ ਵਲੋਂ ਜਾਰੀ ਕੀਤੀ ਬਲਾਕ ਦੀ ਦੂਜੀ ਸੂਚੀ ਵਿਚ ਉਸ ਅਧਿਆਪਕ ਦਾ ਨਾਂਅ ਗਾਇਬ ਕਰ ਦਿੱਤਾ ਗਿਆ, ਪ੍ਰਸ਼ਾਸਨ ਵਲੋਂ ਡਿਊਟੀਆਂ ਲਗਾਉਣ ਦੇ ਮਾਮਲੇ ਵਿਚ ਹੇਰਾ-ਫੇਰੀ ਕੀਤੀ ਜਾ ਰਹੀ ਹੈ, ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ | 'ਆਪ' ਸਰਕਾਰ ਦੇ ਰਾਜ ਵਿਚ ਵੀ ਅਧਿਕਾਰੀ ਤੇ ਮੁਲਾਜ਼ਮ ਬਿਨਾਂ ਕਿਸੇ ਡਰ ਤੋਂ ਆਪਣੀਆਂ ਮਨਮਰਜੀਆਂ ਕਰ ਰਹੇ ਹਨ | ਹੁਣ ਪ੍ਰਸ਼ਾਸਨ ਵਲੋਂ ਕੁਝ ਰਹਿੰਦੇ ਸਿਫ਼ਾਰਿਸ਼ੀ ਅਧਿਆਪਕਾਂ, ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ, ਨੂੰ ਟ੍ਰੇਨਿੰਗ ਤੋਂ ਬਾਅਦ ਸਟੇਸ਼ਨ ਅਲਾਟ ਕਰਨ ਸਮੇਂ ਰਿਜ਼ਰਵ ਵਿਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਪ੍ਰਸ਼ਾਸਨ ਵਲੋਂ ਜਨਗਣਨਾ ਡਿਊਟੀਆਂ ਦੇ ਮਾਮਲੇ 'ਚ ਪਾਰਦਰਸ਼ਤਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ |