ਲੋਹੀਆਂ ਖਾਸ, 29 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਲੋਹੀਆਂ ਦੀ ਗੁਰੂ ਨਾਨਕ ਕਲੋਨੀ ਦੇ ਵਸਨੀਕ ਜਗਮੋਹਣ ਸਿੰਘ ਲੋਹੀਆਂ ਨੇ ਆਪਣੀ 65 ਸਾਲ ਦੀ ਉਮਰ 'ਚ ਕੀਰਤੀਮਾਨ ਕਰਦਿਆਂ 'ਮਾਊਾਟ ਐਵਰੈਸਟ ਚੋਟੀ' ਦੇ ਬੇਸ ਕੈਂਪ ਨੂੰ ਫਤਹਿ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਮੋਹਣ ਲੋਹੀਆਂ ਨੇ ਦੱਸਿਆ ਕਿ ਉਸਨੇ ਆਪਣੇ ਘਰ ਤੋਂ 14 ਅਪ੍ਰੈਲ ਤੋਂ ਸ਼ੁਰੂ ਹੋ ਕੇ ਕਾਠਮੰਡੂ ਤੋਂ ਸੁਰਕੇ ਦਾ ਦੋ ਦਿਨ ਦਾ ਥਕਾ ਦੇਣ ਵਾਲਾ ਲਗਭਗ 350 ਕਿਮੀ ਸਫ਼ਰ ਬੱਸ ਅਤੇ ਜੀਪ ਰਾਹੀਂ ਕੀਤਾ, ਉਪਰੰਤ ਸੁਰਕੇ ਤੋਂ ਟਰੈਕਿੰਗ ਦੀ ਸ਼ੁਰੂਆਤ ਕਰਕੇ ਪਹਿਲਾਂ ਫਾਕਡਿੰਗ, ਫੇਰ ਨਾਮਚੇ ਬਾਜ਼ਾਰ, ਤੈਂਗਬੋਚੇ, ਫੈਰੀਚੇ, ਥੁਕਲਾ ਅਤੇ ਲੋਬੋਚੇ ਹੁੰਦੇ ਹੋਏ ਆਖ਼ਰੀ ਦਿਨ ਗੋਰਕਸ਼ਪ ਪਹੁੰਚਿਆ | ਉਨ੍ਹਾਂ ਕਿਹਾ ਕਿ ਗੋਰਕਸ਼ਪ ਤੋਂ 3.5 ਕਿਲੋਮੀਟਰ ਅੱਗੇ ਵੱਧਦੇ ਹੋਏ ਅਖੀਰ 6ਵੇਂ ਦਿਨ ਹੀ ਐਵਰੈਸਟ ਬੇਸ ਕੈਂਪ ਤੇ ਜਿੱਤ ਪ੍ਰਾਪਤ ਕਰ ਲਈ ਤੇ ਆਪਣਾ ਚਿਰੋਕਣਾ ਸੁਪਨਾ ਪੂਰਾ ਕੀਤਾ ਹੈ | ਵਾਪਸੀ ਮੌਕੇ ਗੁਰੂ ਨਾਨਕ ਕਲੋਨੀ ਲੋਹੀਆਂ ਵਿਖੇ ਆਪਣੇ ਘਰ ਪੁੱਜੇ ਜਗਮੋਹਣ ਲੋਹੀਆਂ ਦਾ ਉਸ ਦੀ ਵਾਤਾਵਰਣ ਮਿੱਤਰਤਾ ਸੁਸਾਇਟੀ ਇਲਾਕਾ ਲੋਹੀਆਂ ਖਾਸ ਦੇ ਮੈਂਬਰਾਂ ਵੱਲੋਂ ਜਿਥੇ ਘਰ ਪੁੱਜ ਕੇ ਉਨ੍ਹਾਂ ਦੀ ਇਸ ਉਮਰ 'ਚ ਕਠਨ ਰਸਤਿਆਂ ਵਾਲੀ ਮੰਜਿਲ ਨੂੰ ਸਰ ਕਰਨ 'ਤੇ ਜਿਥੇ ਵਧਾਈ ਪੇਸ਼ ਕੀਤੀ, ਉਥੇ ਉਨ੍ਹਾਂ ਦੀ ਸਿਰੋਪਾਓ ਨਾਲ ਸਨਮਾਨ ਕਰਦਿਆਂ ਸਵਾਗਤ ਵੀ ਕੀਤਾ ਗਿਆ | ਇਸ ਮੌਕੇ ਵਾਤਾਵਰਣ ਮਿੱਤਰਤਾ ਸੁਸਾਇਟੀ ਇਲਾਕਾ ਲੋਹੀਆਂ ਦੇ ਮੈਂਬਰਾਂ 'ਚ ਭਾਈ ਚਮਕੌਰ ਸਿੰਘ ਹੈੱਡ ਗ੍ਰੰਥੀ ਗੁ: ਗੁਰੂ ਨਾਨਕ ਕਲੋਨੀ, ਜਸਕੰਵਲ ਸਿੰਘ ਸਵੀਟੀ, ਬਿੱਕਰ ਸਿੰਘ, ਫੁੱਮਣ ਸਿੰਘ, ਰਾਜਦੀਪ ਸਿੰਘ ਖੈਹਰਾ, ਹਰਸ਼ ਜੀ, ਮਨੋਜ ਕੁਮਾਰ ਸਮੇਤ ਹੋਰ ਪਤਵੰਤੇ ਵੀ ਹਾਜਰ ਸਨ |