30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਗੁਰੂ ਨਾਨਕਪੁਰਾ ਰੇਲਵੇ ਫਾਟਕ 'ਤੇ ਪੁਲ ਬਣਨ ਦਾ ਰਸਤਾ ਹੋਇਆ ਸਾਫ਼, ਲੱਖਾਂ ਲੋਕਾਂ ਨੂੰ ਮਿਲੇਗੀ ਰਾਹਤ <br/>

ਅਜੀਤ ਡੈਸਕ 01-05-2026
ਚੁਗਿੱਟੀ/ਜੰਡੂਸਿੰਘਾ, 30 ਅਪ੍ਰੈਲ (ਨਰਿੰਦਰ ਲਾਗੂ)-ਪਿਛਲੇ ਲੰਮੇ ਸਮੇਂ ਤੋਂ ਵੱਡੀ ਗਿਣਤੀ 'ਚ ਲੋਕਾਂ ਲਈ ਆਵਾਜਾਈ ਵਿਚ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਗੁਰੂ ਨਾਨਕਪੁਰਾ ਰੇਲਵੇ ਫਾਟਕ 'ਤੇ ਪੁਲ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੀ ਖ਼ਬਰ ਨਾਲ ਇਲਾਕਾ ਵਸਨੀਕਾਂ 'ਚ ਖ਼ੁਸ਼ੀ ਦੀ ਲਹਿਰ ਪੈਦਾ ਹੋ ਗਈ ਹੈ | ਕਰੋੜਾਂ ਦੀ ਲਾਗਤ ਨਾਲ ਤਿਆਰ ਕੀਤੇ ਜਾਣ ਵਾਲੇ ਉਕਤ ਪੁਲ ਦਾ ਨਿਰਮਾਣ ਕਾਰਜ ਅਗਾਮੀ ਜੁਲਾਈ ਮਹੀਨੇ 'ਚ ਸ਼ੁਰੂ ਹੋਵੇਗਾ ਤੇ ਇਸ ਨੂੰ 18 ਮਹੀਨਿਆਂ 'ਚ ਮੁਕੰਮਲ ਕੀਤਾ ਜਾਵੇਗਾ | ਜਾਣਕਾਰੀ ਅਨੁਸਾਰ ਰੇਲਵੇ ਬੋਰਡ ਨੇ ਸਾਲ 2025 'ਚ ਗੁਰੂ ਨਾਨਕਪੁਰਾ ਰੇਲਵੇ ਫਾਟਕ 'ਤੇ ਪੁਲ ਬਣਾਉਣ ਨੂੰ ਮਨਜ਼ੂਰੀ ਦਿੱਤੀ ਸੀ | ਇਹ ਫਾਟਕ ਜਲੰਧਰ-ਲੁਧਿਆਣਾ ਰੇਲਵੇ ਲਾਈਨ 'ਤੇ ਸਥਿਤ ਹੈ ਜਿਥੋਂ ਕਿ ਰੋਜ਼ਾਨਾ 100 ਤੋਂ ਵੱਧ ਰੇਲ ਗੱਡੀਆਂ ਲੰਘਦੀਆਂ ਹਨ | ਇਹ ਵੀ ਦੱਸਿਆ ਜਾਂਦਾ ਹੈ ਕਿ ਉਕਤ ਫਾਟਕ ਤੋਂ ਹਰ ਰੋਜ਼ 4 ਲੱਖ ਦੇ ਕਰੀਬ ਲੋਕ ਆਉਣ-ਜਾਣ ਕਰਦੇ ਹਨ | ਪੁਲ ਸੰਬੰਧੀ ਬੀਤੇ ਦਿਨੀਂ ਟੈਂਡਰ ਜਾਰੀ ਹੋ ਚੁੱਕਾ ਹੈ ਤੇ ਰੇਲਵੇ ਬੋਰਡ ਵਲੋਂ ਇਸ ਸੰਬੰਧੀ 20 ਮਈ ਤੱਕ ਕੁਟੇਸ਼ਨਾਂ ਦੀ ਮੰਗ ਕੀਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਸਾਲ 2015 'ਚ ਪਹਿਲੀ ਵਾਰ ਰੇਲ ਵਿਭਾਗ ਨੇ ਇਸ ਜਗ੍ਹਾ 'ਤੇ ਪੁਲ ਬਣਾਉਣ ਲਈ ਆਪਣੇ ਹਿੱਸੇ ਦੇ 10 ਕਰੋੜ ਰੁਪਏ ਬਜਟ 'ਚ ਜਮ੍ਹਾਂ ਕਰਵਾਏ ਸਨ | ਕੁੱਲ ਲਾਗਤ ਦਾ ਅੱਧਾ ਹਿੱਸਾ ਰੇਲਵੇ ਤੇ ਅੱਧਾ ਹਿੱਸਾ ਪੰਜਾਬ ਸਰਕਾਰ ਨੇ ਦੇਣਾ ਸੀ, ਪਰ ਪੰਜਾਬ ਸਰਕਾਰ ਵਲੋਂ ਦਿਲਚਸਪੀ ਨਹੀਂ ਦਿਖਾਈ ਗਈ ਕਿਉਂਕਿ ਉਸ ਸਮੇਂ ਸੂਬਾ ਸਰਕਾਰ ਦਾ ਧਿਆਨ ਲੱਧੇਵਾਲੀ ਪੁਲ ਵੱਲ ਲੱਗਾ ਹੋਇਆ ਸੀ |
ਕਦੇ ਤਕਨੀਕੀ ਖ਼ਰਾਬੀ ਤੇ ਕਦੇ ਗੱਡੀਆਂ ਆਉਣ ਕਾਰਨ ਬੰਦ ਰਹਿੰਦੈ ਫਾਟਕ
ਉਕਤ ਰੇਲਵੇ ਫਾਟਕ ਕਦੇ ਤਕਨੀਕੀ ਖ਼ਰਾਬੀ ਤੇ ਕਦੇ ਰੇਲ ਗੱਡੀਆਂ ਦੇ ਆਉਣ ਕਾਰਨ ਕਾਫੀ ਦੇਰ ਤੱਕ ਬੰਦ ਰਹਿੰਦਾ ਹੈ | ਜਿਸ ਕਾਰਨ ਫਾਟਕ ਤੋਂ ਲੰਘਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਦੂਜੇ ਪਾਸੇ ਸ਼ਹਿਰ ਤੋਂ ਅੰਮਿ੍ਤਸਰ ਤੇ ਪਠਾਨਕੋਟ ਵੱਲ ਜਾਣ ਵਾਲੇ ਭਾਰੀ ਵਾਹਨ ਵੀ ਇਸੇ ਰਾਹ ਨੂੰ ਸੌਖਾ ਸਮਝਦੇ ਹੋਏ ਇਧਰੋਂ ਲੰਘਣ ਦੀ ਕੋਸ਼ਿਸ਼ ਕਰਦੇ ਹਨ, ਪਰ ਅਕਸਰ ਬੰਦ ਰਹਿੰਦੇ ਫਾਟਕ ਕਾਰਨ ਇਥੇ ਜਾਮ ਲੱਗ ਜਾਂਦਾ ਹੈ | ਫਿਲਹਾਲ ਬੀ.ਐਸ.ਐਫ. ਚੌਕ ਅਤੇ ਲਾਡੋਵਾਲੀ ਰੋਡ ਤੋਂ ਅੰਮਿ੍ਤਸਰ ਵੱਲ ਜਾਣ ਵਾਲੇ ਲੋਕਾਂ ਨੂੰ ਰਾਮਾਮੰਡੀ ਚੌਕ ਤੋਂ ਘੁੰਮ ਕੇ ਆਉਣਾ ਪੈਂਦਾ ਹੈ, ਕਿਉਂਕਿ ਪੀ.ਏ.ਪੀ. ਚੌਕ ਤੋਂ ਅੰਮਿ੍ਤਸਰ ਵੱਲ ਜਾਣ ਲਈ ਸਿੱਧਾ ਰਸਤਾ ਨਹੀਂ ਹੈ |
ਪੁਲ ਬਣਨ ਨਾਲ ਮਿਲੇਗੀ ਰਾਹਤ
ਬੇਸ਼ੱਕ ਉਕਤ ਪੁਲ ਦੇ ਨਿਰਮਾਣ ਦੌਰਾਨ ਲੋਕਾਂ ਨੂੰ ਕੁਝ ਸਮੇਂ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਨ੍ਹਾਂ ਨੂੰ ਬਦਲਵੇਂ ਰਸਤਿਆਂ ਦੀ ਵਰਤੋਂ ਕਰਨੀ ਪਵੇਗੀ | ਪੁਲ ਦੇ ਨਿਰਮਾਣ ਦੌਰਾਨ ਆਵਾਜਾਈ ਦਾ ਜ਼ਿਆਦਾ ਬੋਝ ਪੀ.ਏ.ਪੀ. ਚੌਕ ਅਤੇ ਰਾਮਾਮੰਡੀ ਚੌਕ 'ਤੇ ਪਵੇਗਾ | ਉਕਤ ਪੁਲ ਦੇ ਨਿਰਮਾਣ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲੱਧੇਵਾਲੀ ਕੈਂਪਸ, ਜੰਡੂਸਿੰਘਾ, ਆਦਮਪੁਰ ਅਤੇ ਹੁਸ਼ਿਆਰਪੁਰ ਜਾਣ ਵਾਲੀ ਆਵਾਜਾਈ ਸਮੇਤ ਸਥਾਨਕ ਕਾਰੋਬਾਰੀ ਅਦਾਰਿਆਂ ਨੂੰ ਜਾਣ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ |

ਪਿਛਲੀ ਖ਼ਬਰ ਨਾਜਾਇਜ਼ ਲਾਟਰੀ ਦਾ ਧੰਦਾ ਕਰਨ ਵਾਲਿਆਂ ਨੂੰ ਨਹੀਂ ਬਖ਼ਸ਼ਿਆ ਜਾਵੇਗਾ- ਰਾਜਵਿੰਦਰ ਕੌਰ ਅਗਲੀ ਖ਼ਬਰ ਸ਼ਰਧਾ ਨਾਲ ਮਨਾਇਆ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।