ਜਲੰਧਰ, 14 ਮਈ (ਜਸਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨੀ ਮੰਗਾਂ ਸੰਬੰਧੀ 15 ਮਈ ਨੂੰ ਚੰਡੀਗੜ੍ਹ ਵਿਖੇ ਦਿੱਤੇ ਜਾਣ ਵਾਲੇ ਰੋਸ ਮਾਰਚ 'ਚ ਜਲੰਧਰ ਤੋਂ ਵੱਡੀ ਗਿਣਤੀ 'ਚ ਕਿਸਾਨ ਹੋਣਗੇ ਸ਼ਾਮਿਲ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਸਿੰਘਪੁਰ ਦੋਨਾ ਅਤੇ ਪ੍ਰੈੱਸ ਸਕੱਤਰ ਪਰਮਿੰਦਰ ਸਿੰਘ ਭਿੰਦਾ ਨੇ ਦੱਸਿਆ ਕਿ ਕਿਸਾਨ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਦੇ ਪਿਛਲੇ ਪਾਸੇ ਸ਼ਹੀਦ ਭਗਤ ਸਿੰਘ ਪਾਰਕ ਤੋਂ ਇਕੱਠੇ ਹੋ ਕੇ ਆਪਣੀਆਂ ਮੰਗਾਂ ਸੰਬੰਧੀ ਰੋਸ ਮਾਰਚ ਕਰਨਗੇ | ਉਨ੍ਹਾਂ ਦੱਸਿਆ ਕਿ ਇਹ ਰੋਸ ਮਾਰਚ ਪੰਜਾਬ ਦੇ ਪਾਣੀਆਂ ਨੂੰ ਬਚਾਉਣ, ਭਾਖੜਾ ਬਿਆਸ ਮੈਨੇਜਮੈਂਟ 'ਚ ਪੰਜਾਬ ਦਾ ਹੱਕ ਦੁਬਾਰਾ ਹਾਸਿਲ ਕਰਨ ਅਤੇ ਹੋਰਨਾਂ ਮੰਗਾਂ ਸੰਬੰਧੀ ਕੀਤੇ ਜਾ ਰਹੇ ਇਸ ਰੋਸ ਮਾਰਚ 'ਚ ਬੀ. ਕੇ. ਯੂ, ਲੱਖੋਵਾਲ ਜ਼ਿਲ੍ਹਾ ਜਲੰਧਰ ਇਕਾਈ ਵਧ ਚੜ੍ਹ ਕੇ ਹਿੱਸਾ ਲਵੇਗੀ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ | ਸ. ਦੋਨਾ ਤੇ ਭਿੰਦਾ ਨੇ ਕਿਹਾ ਕਿ ਜਲੰਧਰ ਤੋਂ ਕਿਸਾਨ ਕਾਫਲੇ ਦੇ ਰੂਪ 'ਚ ਚੰਡੀਗੜ੍ਹ ਧਰਨੇ 'ਚ ਪੁੱਜਣਗੇ ਅਤੇ ਆਪਣੀਆਂ ਮੰਗਾਂ ਸੰਬੰਧੀ ਆਵਾਜ਼ ਬੁਲੰਦ ਕਰਨਗੇ |