ਜਲੰਧਰ, 14 ਮਈ (ਜਤਿੰਦਰ ਪੰਮੀ) : ਵਪਾਰੀ ਵਰਗ ਤੇ ਪ੍ਰਸ਼ਾਸਨ ਵਿਚਾਲੇ ਤਾਲਮੇਲ ਵਧਾਉਣ ਦੇ ਉਦੇਸ਼ ਨਾਲ ਵਪਾਰੀਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗ ਤਹਿਤ ਪੰਜਾਬ ਰਾਜ ਵਪਾਰੀ ਕਮਿਸ਼ਨ ਵਲੋਂ ਰਾਮਾ ਮੰਡੀ ਮਾਰਕੀਟ ਦੇ ਵਪਾਰੀਆਂ ਤੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ | ਇਸ ਦੌਰਾਨ ਵਪਾਰੀਆਂ ਦੀਆਂ ਮੁਸ਼ਕਲਾਂ ਤੇ ਸਮੱਸਿਆਵਾਂ ਸੁਣੀਆਂ ਗਈਆਂ | ਵਪਾਰੀਆਂ ਨੇ ਮਾਰਕੀਟ ਦੇ ਸੁਚਾਰੂ ਕੰਮਕਾਜ ਲਈ ਕਈ ਅਹਿਮ ਚਿੰਤਾਵਾਂ ਪ੍ਰਗਟਾਈਆਂ ਅਤੇ ਵਧਦੀ ਭੀੜ ਤੇ ਪਾਰਕਿੰਗ ਦੇ ਬਿਹਤਰ ਪ੍ਰਬੰਧ ਕਰਨ ਦੀ ਮੰਗ ਕੀਤੀ | ਉਨ੍ਹਾਂ ਮੌਜੂਦਾ ਟੈਕਸ ਢਾਂਚੇ 'ਚ ਸੁਧਾਰ ਕਰਨ ਅਤੇ ਮਾਰਕੀਟ ਅੰਦਰ ਜਨਤਕ ਪਖਾਨੇ ਉਸਾਰਨ ਦੀ ਮੰਗ ਵੀ ਕੀਤੀ | ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ (ਬਿੱਟੂ) ਨੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਮਾ ਮੰਡੀ ਖੇਤਰ ਵਿੱਚ ਪਹਿਲਾਂ ਤੋਂ ਮੁਕੰਮਲ ਹੋ ਚੁੱਕੇ ਵਿਕਾਸ ਪ੍ਰੋਜੈਕਟਾਂ 'ਤੇ ਚਾਨਣਾ ਪਾਇਆ | ਉਨ੍ਹਾਂ ਨੇ ਸਥਾਨਕ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਨਗਰ ਨਿਗਮ ਦੀ ਵਚਨਬੱਧਤਾ ਨੂੰ ਦੁਹਰਾਇਆ | ਹਰਿੰਦਰਪਾਲ ਸਿੰਘ ਮਨੋਚਾ ਮੈਂਬਰ ਪੰਜਾਬ ਸਟੇਟ ਟ੍ਰੇਡਰਜ਼ ਕਮਿਸ਼ਨ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਵਪਾਰੀਆਂ ਦੀ ਹਰ ਸ਼ਿਕਾਇਤ 'ਤੇ ਗੌਰ ਕੀਤਾ ਜਾਵੇਗਾ ਤੇ ਉਨ੍ਹਾਂ ਦਾ ਸਮੇਂ ਸਿਰ ਹੱਲ ਯਕੀਨੀ ਬਣਾਇਆ ਜਾਵੇਗਾ | ਇੰਦਰਵੰਸ਼ ਸਿੰਘ ਚੱਢਾ ਚੇਅਰਮੈਨ ਜ਼ਿਲ੍ਹਾ ਵਪਾਰੀ ਕਮਿਸ਼ਨ ਨੇ ਕਮਿਸ਼ਨ ਦੀ ਕਾਰਜ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਕੌਂਸਲਰ ਵਿੱਕੀ ਤੁਲਸੀ ਨੇ ਵੱਖ-ਵੱਖ ਮਾਰਕੀਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਵਪਾਰੀਆਂ ਦੀ ਅਧਿਕਾਰੀਆਂ ਨਾਲ ਜਾਣ-ਪਛਾਣ ਕਰਵਾਈ | ਮੀਟਿੰਗ ਵਿੱਚ ਵਿਧਾਨ ਸਭਾ ਟ੍ਰੇਡਰਜ਼ ਕਮਿਸਨ ਦੇ ਚੇਅਰਮੈਨ ਸੁਮਿਤ ਸ਼ਰਮਾ, ਵਿਧਾਨ ਸਭਾ ਕਮਿਸ਼ਨ ਦੇ ਮੈਂਬਰ ਸੌਰਭ ਸ਼ਰਮਾ, ਸਾਹਿਬਜੀਤ ਸਿੰਘ, ਰੋਹਿਤ ਗਿੱਲ ਤੇ ਦੁਕਾਨਦਾਰ ਵੀ ਮੌਜੂਦ ਸਨ |