13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਜਾਤੀ ਸਰਟੀਫਿਕੇਟ ਬਣਵਾਉਣ ਵਾਲਿਆਂ ਦੀ ਲੱਗ ਰਹੀ ਭੀੜ

ਅਜੀਤ ਡੈਸਕ 16-05-2026
ਜਲੰਧਰ, 15 ਮਈ (ਜਤਿੰਦਰ ਪੰਮੀ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਜਾ ਰਹੀ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ਲੈਣ ਲਈ ਲੋਕਾਂ 'ਚ ਦੌੜ ਲੱਗੀ ਹੋਈ ਹੈ | ਇਸ ਯੋਜਨਾ ਤਹਿਤ ਜਾਤੀ ਸਰਟੀਫਿਕੇਟ ਬਣਵਾਉਣ ਲਈ ਲੋਕਾਂ ਨੇ ਸੇਵਾ ਕੇਂਦਰਾਂ ਵਲ ਵਹੀਰਾਂ ਘੱਤੀਆਂ ਹੋਈਆਂ ਹਨ ਅਤੇ ਲੋਕ ਆਪਣੀ ਵਾਰ ਦੀ ਉਡੀਕ ਕਰਨ ਲਈ 2-3 ਘੰਟੇ ਲਾਈਨਾਂ 'ਚ ਲੱਗੇ ਰਹਿੰਦੇ ਹਨ | ਬੇਸ਼ੱਕ ਸੂਬਾ ਸਰਕਾਰ ਦੀ ਇਹ ਯੋਜਨਾ ਔਰਤਾਂ ਲਈ ਹੈ ਪਰ ਪਰਿਵਾਰਾਂ ਦੇ ਮਰਦ ਹੀ ਵਧੇਰੇ ਕਰਕੇ ਉਨ੍ਹਾਂ ਦੇ ਜਾਤੀ ਸਰਟੀਫਿਕੇਟ ਬਣਵਾਉਣ ਲਈ ਸੇਵਾ ਕੇਂਦਰਾਂ 'ਚ ਆ ਰਹੇ ਹਨ | ਜਾਤੀ ਸਰਟੀਫਿਕੇਟ ਲਈ ਅਰਜ਼ੀਆਂ ਦੀ ਗਿਣਤੀ ਵਧਣ ਨਾਲ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦਾ ਕੰਮ ਤਾਂ ਵਧਿਆ ਹੀ ਹੈ, ਸਗੋਂ ਸਰਕਾਰ ਦੇ ਈ-ਸੇਵਾ ਪੋਰਟਲ 'ਤੇ ਬੋਝ ਵਧਣ ਨਾਲ ਉਹ ਵੀ ਹੌਲ਼ੀ ਚੱਲ ਰਿਹਾ ਹੈ, ਜਿਸ ਕਾਰਨ ਦਸਤਾਵੇਜ਼ ਤਿਆਰ ਕਰਨ ਦੀ ਪ੍ਰਕਿਰਿਆ 'ਚ ਆਮ ਨਾਲੋਂ ਵਧੇਰੇ ਸਮਾਂ ਲੱਗ ਰਿਹਾ ਹੈ | ਹਾਲਾਂਕਿ ਇਹ ਵੀ ਪਤਾ ਲੱਗਾ ਹੈ ਕਿ ਲੋਕਾਂ ਦੀ ਵਧੇਰੇ ਗਿਣਤੀ ਨੂੰ ਦੇਖਦੇ ਹੋਏ ਸਰਕਾਰ ਵਲੋਂ ਈ-ਡਿਸਟ੍ਰਕਿਟ ਪੋਰਟਲ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਹੈ, ਜੋ ਜਲਦ ਹੀ ਲਾਗੂ ਹੋ ਸਕਦੀ ਹੈ | ਇਸ ਨਾਲ ਤਹਿਸੀਲਦਾਰ ਦਫਤਰ ਦੇ ਸਾਰੇ ਹੀ ਕਲਰਕਾਂ ਨੂੰ ਸਰਟੀਫਿਕੇਟ ਦੀ ਆਨਲਾਈਨ ਵੈਰੀਫਿਕੇਸ਼ਨ ਕਰਨ ਦੀ ਸਹੂਲਤ ਮਿਲ ਜਾਵੇਗੀ, ਜਿਸ ਨਾਲ ਜਾਤੀ ਸਰਟੀਫਿਕੇਟਾਂ ਦੇ ਨਾਲ ਹੀ ਹੀ ਹੋਰ ਸਰਕਾਰੀ ਸੇਵਾਵਾਂ ਦੇ ਦਸਤਾਵੇਜ਼ ਵੀ ਸਮੇਂ ਸਿਰ ਬਣ ਸਕਣਗੇ | ਮੌਜੂਦਾ ਸਮੇਂ ਜਾਤੀ ਸਰਟੀਫਿਕੇਟ ਬਣਵਾਉਣ ਲਈ ਬਿਨੈਕਾਰਾਂ ਨੂੰ 12 ਤੋਂ 15 ਦਿਨਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ | ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚਲੇ ਸੁਵਿਧਾ ਕੇਂਦਰ ਤੋਂ ਇਲਾਵਾ ਜ਼ਿਲ੍ਹੇ 'ਚ 15 ਹੋਰ ਸੇਵਾ ਕੇਂਦਰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ | ਜਦੋਂ ਤੋਂ ਪੰਜਾਬ ਸਰਕਾਰ ਨੇ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ, ਉਦੋਂ ਹੀ ਇਨ੍ਹਾਂ ਸੇਵਾ ਕੇਂਦਰਾਂ 'ਚ ਰੋਜ਼ਾਨਾ 800 ਤੋਂ 1000 ਤਕ ਜਾਤੀ ਸਰਟੀਫਿਕੇਟ ਬਣਵਾਉਣ ਵਾਲਿਆਂ ਵਲੋਂ ਅਪਲਾਈ ਕੀਤਾ ਜਾ ਰਿਹਾ ਹੈ | ਪਿੰਡ ਗਿੱਲਾਂ ਗਾਖਲਾਂ ਤੋਂ ਸੁਵਿਧਾ ਕੇਂਦਰ 'ਚ ਆਏ ਇਕ ਬਜ਼ੁਰਗ ਨੇ ਦੱਸਿਆ ਕਿ ਉਹ ਆਪਣੀ ਘਰਵਾਲੀ ਦਾ ਜਾਤੀ ਸਰਟੀਫਿਕੇਟ ਬਣਵਾਉਣ ਲਈ ਅਪਲਾਈ ਕਰਨ ਆਇਆ ਹੋਇਆ ਹੈ ਤੇ ਪਿਛਲੇ ਕਰੀਬ ਡੇਢ ਘੰਟੇ ਤੋਂ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਹੈ | ਓਧਰ ਦਸਤਾਵੇਜ਼ਾਂ ਲਈ ਟੋਕਨ ਲੈਣ ਵਾਲਿਆਂ ਦੀ ਵੀ ਲੰਬੀ ਲਾਈਨ ਲੱਗੀ ਹੋਈ ਸੀ | ਇਸ ਸੰਬੰਧੀ ਸੰਪਰਕ ਕਰਨ 'ਤੇ ਸੁਵਿਧਾ ਸੈਂਟਰ ਦਾ ਕੰਮਕਾਜ ਦੇਖਣ ਵਾਲੀ ਕੰਪਨੀ ਦੇ ਡੀਐੱਮ ਹਰਜੋਤ ਸਿੰਘ ਨੇ ਦੱਸਿਆ ਕਿ ਅਪ੍ਰੈਲ ਮਹੀਨੇ ਦੌਰਾਨ ਜਾਤੀ ਸਰਟੀਫਿਕੇਟ ਬਣਵਾਉਣ ਲਈ 23530 ਲੋਕਾਂ ਨੇ ਅਪਲਾਈ ਕੀਤਾ ਸੀ ਹਾਲਾਂਕਿ ਸਾਰਿਆਂ ਦੀ ਸਰਟੀਫਿਕੇਟ ਜਾਰੀ ਨਹੀਂ ਹੋ ਸਕੇ ਹਨ | ਓਧਰ ਤਹਿਸੀਲਦਾਰ ਦਫਤਰ ਦੀ ਕਲਰਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਈ-ਸੇਵਾ ਪੋਰਟਲ 'ਤੇ ਲੋਡ ਵੱਧ ਜਾਣ ਕਾਰਨ ਹੌਲੀ ਚੱਲ ਰਿਹਾ ਹੈ | ਇਸ ਲਈ ਸਰਕਾਰ ਵਲੋਂ ਈ-ਡਿਸਟਿ੍ਕਟ ਪੋਰਟਲ ਸ਼ੁਰੂ ਕਰਨ ਬਾਰੇ ਕਿਹਾ ਜਾ ਰਿਹਾ ਹੈ |
ਨਾਮਜ਼ਦਗੀ ਭਰਨ ਦੇ ਚਾਹਵਾਨ ਐਸ. ਸੀ. ਉਮੀਦਵਾਰਾਂ ਨੂੰ ਵੀ ਹੋ ਰਹੀ ਪ੍ਰੇਸ਼ਾਨੀ
ਸੇਵਾ ਕੇਂਦਰਾਂ 'ਚ ਮਾਵਾਂ-ਧੀਆਂ ਸਤਿਕਾਰ ਯੋਜਨਾ ਤੋਂ ਇਲਾਵਾ ਦਾਖਲਿਆਂ ਦੇ ਦਿਨ ਹੋਣ ਕਾਰਨ ਆਮਦਨ ਤੇ ਜਾਤੀ ਸਰਟੀਫਿਕੇਟ ਬਣਵਾਉਣ ਵਾਲੇ ਵਿਦਿਆਰਥੀਆਂ ਵਲੋਂ ਵੀ ਅਪਲਾਈ ਕੀਤੇ ਜਾਣ ਕਾਰਨ ਦਸਤਾਵੇਜ਼ ਮਿਲਣ 'ਚ ਜ਼ਿਆਦਾ ਸਮਾਂ ਲੱਗ ਰਿਹਾ ਹੈ | ਓਧਰ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਨਾਮਜ਼ਦਗੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਚੋਣ ਲੜਨ ਦੇ ਚਾਹਵਾਨ ਐਸਸੀ ਉਮੀਦਵਾਰਾਂ ਨੂੰ ਵੀ ਜਾਰੀ ਸਰਟੀਫਿਕੇਟ ਬਣਵਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਨਾਲ ਸੰਬੰਧਤ ਕਈ ਉਮੀਦਵਾਰਾਂ ਜਾਤੀ ਸਰਟੀਫਿਕੇਟ ਜਾਰੀ ਨਾ ਹੋਣ ਕਾਰਨ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਤੋਂ ਵਾਂਝੇ ਬੈਠੇ ਹਨ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਜਾਤੀ ਸਰਟੀਫਿਕੇਟ ਪਹਿਲ ਦੇ ਆਧਾਰ 'ਤੇ ਬਣਾ ਕੇ ਦਿੱਤੇ ਜਾਣ ਤਾਂ ਜੋ ਉਹ ਸਮੇਂ ਸਿਰ ਨਾਮਜ਼ਦਗੀਆਂ ਦਾਖਲ ਕਰਵਾ ਸਕਣ | ਇਸ ਸੰਬੰਧੀ ਜਦੋਂ ਸਥਾਨਕ ਸਰਕਾਰਾਂ ਚੋਣਾਂ ਦੇ ਰਿਟਰਨਿੰਗ ਅਫਸਰ-ਕਮ-ਏਡੀਸੀ (ਪੇਂਡੂ ਵਿਕਾਸ) ਦਿਵਿਆ ਪੀ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਤਹਿਸੀਲਦਾਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ ਕਿ ਚੋਣਾਂ ਵਾਲੇ ਉਮੀਦਵਾਰਾਂ ਦੇ ਸਰਟੀਫਿਕੇਟ ਪਹਿਲ ਦੇ ਆਧਾਰ 'ਤੇ ਜਾਰੀ ਕੀਤੇ ਜਾਣ |
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਦੀ ਅਪੀਲ ਕੌਮੀ ਹਿੱਤਾਂ ਦੀ ਸੁਰੱਖਿਆ ਲਈ ਸਾਰਥਕ-ਖੇਮਕਰਨੀ ਅਗਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਜੇਠ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਸੰਬੰਧੀ ਕਰਵਾਏ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।