ਜਲੰਧਰ, 17 ਮਈ (ਸ਼ਿਵ)-ਜਲੰਧਰ ਦੇ ਆਰ.ਟੀ.ਓ. ਦੇ ਦਫਤਰ ਵਿਚ ਲੋਕਾਂ ਦੇ ਕਈ ਕੰਮ ਨਾ ਹੋਣ ਕਰਕੇ ਜਿੱਥੇ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਦਫਤਰ ਦੇ ਮਾਲੀਏ ਦਾ ਵੀ ਨੁਕਸਾਨ ਹੋਣ ਦੀ ਸ਼ੰਕਾ ਜਾਹਿਰ ਕੀਤੀ ਜਾ ਰਹੀ ਹੈ | ਲੋਕਾਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਪਿਛਲੇ ਕਰੀਬ 2 ਸਾਲਾਂ ਤੋਂ ਆਰ.ਟੀ.ਓ. ਦਫਤਰ ਜਲੰਧਰ ਦੇ ਅਕਾਊਾਟ ਸੈਕਸ਼ਨ ਦੀ ਪਬਲਿਕ ਡੀਲਿੰਗ ਪ੍ਰਭਾਵਿਤ ਹੋ ਰਹੀ ਹੈ | ਸੰਬੰਧਿਤ ਕਰਮਚਾਰੀ ਨਿਯਮਿਤ ਤੌਰ 'ਤੇ ਆਰ.ਟੀ.ਓ. ਦਫਤਰ ਵਿੱਚ ਬੈਠ ਕੇ ਲੋਕਾਂ ਦਾ ਕੰਮ ਕਰਨ ਤਾਂ ਇਸ ਨਾਲ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ | ਇਸੇ ਕਰਕੇ ਟੈਕਸ ਅਤੇ ਹੋਰ ਕੋਡ ਲਗਾਉਣ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ | ਲੋਕਾਂ ਦੇ ਅਨੁਸਾਰ ਜਦੋਂ ਐੱਸ.ਓ. ਹਫ਼ਤੇ ਵਿੱਚ 2 ਦਿਨ ਤਰਨਤਾਰਨ ਡਿਊਟੀ 'ਤੇ ਹੁੰਦੇ ਹਨ ਤਾਂ ਉਨਾਂ ਦਿਨਾਂ ਦੌਰਾਨ ਲੋਕਾਂ ਦੇ ਕੋਡ ਲਗਾਉਣ ਦਾ ਕੰਮ ਰੁਕ ਜਾਂਦਾ ਹੈ | ਜੇ ਮਹੀਨੇ ਦਾ ਹਿਸਾਬ ਲਗਾਇਆ ਜਾਵੇ ਤਾਂ ਕਰੀਬ 8 ਦਿਨ ਕੰਮ ਪ੍ਰਭਾਵਿਤ ਰਹਿੰਦਾ ਹੈ, ਜਿਸ ਨਾਲ ਹਰ ਮਹੀਨੇ ਸਰਕਾਰੀ ਮਾਲੀਏ ਨੂੰ ਲੱਖਾਂ ਰੁਪਏ ਦੇ ਨੁਕਸਾਨ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ | ਸਭ ਤੋਂ ਹੈਰਾਨੀ ਵਾਲੀ ਗੱਲ ਇਹ ਦੱਸੀ ਜਾ ਰਹੀ ਹੈ ਕਿ ਜ਼ਿੰਮੇਵਾਰੀ ਆਰ.ਟੀ.ਓ. ਦਫਤਰ ਜਲੰਧਰ ਦੀ ਹੋਣ ਦੇ ਬਾਵਜੂਦ ਸੰਬੰਧਤ ਅਧਿਕਾਰੀ ਜ਼ਿਆਦਾਤਰ ਸਮਾਂ ਆਰ ਟੀ ਏ ਜਲੰਧਰ ਦਫ਼ਤਰ ਵਿੱਚ ਬੈਠਦੇ ਹਨ | ਇਸ ਕਾਰਨ ਆਮ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਜਿਸ ਕਰਮਚਾਰੀ ਦੀ ਡਿਊਟੀ ਜਿਸ ਦਫ਼ਤਰ ਵਿੱਚ ਹੈ, ਉਹ ਉੱਥੇ ਹੀ ਬੈਠ ਕੇ ਲੋਕਾਂ ਦੇ ਕੰਮ ਸਮੇਂ ਸਿਰ ਕੀਤਾ ਜਾਵੇ | ਜੇ ਬਾਇਓਮੈਟਰਿਕ ਹਾਜ਼ਰੀ ਪ੍ਰਣਾਲੀ ਲਾਗੂ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਉਂਝ ਦੱਸਿਆ ਜਾਂਦਾ ਹੈ ਕਿ ਆਰ.ਟੀ.ਓ. ਬਲਜਿੰਦਰ ਸਿੰਘ ਢਿੱਲੋਂ ਪਹਿਲਾਂ ਹੀ ਦਫਤਰ ਵਿੱਚ ਕਈ ਸੁਧਾਰ ਕਰ ਚੁੱਕੇ ਹਨ ਤੇ ਉਨਾਂ ਕੋਲ ਵੀ ਇਹ ਮਾਮਲਾ ਪੁੱਜ ਗਿਆ ਹੈ ਜਿਸ ਕਰਕੇ ਉਹ ਇਸ ਮਾਮਲੇ ਵਿੱਚ ਕਾਰਵਾਈ ਕਰ ਸਕਦੇ ਹਨ |