ਜਲੰਧਰ, 17 ਮਈ (ਡਾ.ਜਤਿੰਦਰ ਸਾਬੀ)-ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਵਿਖੇ ਬੀ. ਪੀ. ਈ. ਐੱਸ ਅਤੇ ਐਮ ਐੱਸ ਸੀ ਯੋਗਾ ਭਾਗ ਪਹਿਲਾ ਅਤੇ ਦੂਜਾ ਦੇ ਵਿਦਿਆਰਥੀਆਂ ਵੱਲੋਂ ਬੀ. ਪੀ.ਈ.ਐੱਸ ਭਾਗ ਤੀਜਾ ਅਤੇ ਪੀ ਜੀ ਡਿਪਲੋਮਾ ਯੋਗਾ ਅਤੇ ਐਮ ਐੱਸ ਸੀ ਯੋਗਾ ਭਾਗ ਦੂਜਾ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਆਯੋਜਿਤ ਕੀਤੀ ਗਈ | ਵਿਦਿਆਰਥੀਆਂ ਨੇ ਕਾਲਜ ਪਿ੍ੰਸੀਪਲ ਡਾ.ਰਣਬੀਰ ਸਿੰਘ ਜੀ ਅਤੇ ਸਮੂਹ ਅਧਿਆਪਕ ਸਾਹਿਬਾਨ ਦਾ ਜੀ ਆਇਆਂ ਕੀਤਾ | ਕਾਲਜ ਪਿ੍ੰਸੀਪਲ ਜੀ ਨੇ ਆਪਣੇ ਸੰਬੋਧਨ ਰਾਹੀਂ ਡਿਗਰੀ ਮੁਕੰਮਲ ਕਰਕੇ ਜਾ ਰਹੇ ਵਿਦਿਆਰਥੀਆਂ ਨੂੰ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਜਿੰਦਗੀ ਵਿੱਚ ਬਿਨਾਂ ਰੁਕੇ ਅਗਾਂਹ ਵੱਧਦੇ ਰਹਿਣ ਦੀ ਪ੍ਰੇਰਨਾ ਦਿੱਤੀ | ਕਾਲਜ ਵਿਦਿਆਰਥੀਆਂ ਨੇ ਇਸ ਆਯੋਜਨ ਨੂੰ ਰੋਮਾਂਚਿਕ ਬਣਾਉਣ ਲਈ ਗੀਤ, ਭੰਗੜਾ ਅਤੇ ਗਿੱਧਾ ਆਦਿ ਸੱਭਿਆਚਾਰ ਪੇਸ਼ਕਾਰੀਆਂ ਕੀਤੀਆਂ | ਵਿਦਿਆਰਥੀਆਂ ਦੀ ਮਾਡਲਿੰਗ ਵੀ ਕਰਵਾਈ ਗਈ | ਅਮਰਜੀਤ ਸਭਰਵਾਲ ਮਿਸਟਰ ਫੇਅਰਵੈੱਲ ਅਤੇ ਸਾਇਮਾ ਮਿਸ ਫੇਅਰਵੈਲ ਵਜੋਂ ਚੁਣੇ ਗਏ | ਮਿਸ ਬਿਊਟੀਫੁੱਲ ਦਾ ਖਿਤਾਬ ਸਰਿਤਾ ਅਤੇ ਮਿਸਟਰ ਹੈਂਡਸਮ ਵਿਦਿਆਰਥੀ ਰਸ਼ਪਿੰਦਰ ਸਿੰਘ ਨੂੰ ਚੁਣਿਆ ਗਿਆ | ਇਸ ਤੋਂ ਇਲਾਵਾ ਸੁਰਿੰਦਰ ਮੋਹਨ ਅਤੇ ਰਾਜਵਿੰਦਰ ਕੌਰ ਨੂੰ ਕਾਲਜ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਵਜੋਂ ਚੁਣਿਆ ਗਿਆ | ਕਾਲਜ ਤੋਂ ਜਾਣ ਵਾਲੇ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ ਗਏ | ਇਸ ਪਾਰਟੀ ਵਿੱਚ ਮੰਚ ਸੰਚਾਲਨ ਦੀ ਭੂਮਿਕਾ ਗੁੰਜਨ ਅਤੇ ਸ਼ਾਲਿਨੀ ਨੇ ਬਾਖੂਬੀ ਨਿਭਾਈ |